ਸੈਨੇਟ ਵੱਲੋਂ 900 ਬਿਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਪ੍ਰਵਾਨਗੀ

416
Share

-ਅਗਲੇ ਹਫਤੇ ਤੱਕ ਮਿਲ ਸਕਦੀ ਹੈ ਆਰਥਿਕ ਰਾਹਤ
ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਸੈਨੇਟ ਨੇ ਸੋਮਵਾਰ ਦੇਰ ਸ਼ਾਮ ਐਮਰਜੈਂਸੀ ਆਰਥਿਕ ਰਾਹਤ, ਸਰਕਾਰੀ ਫੰਡਿੰਗ ਅਤੇ ਟੈਕਸਾਂ ਵਿਚ ਕਟੌਤੀ ਦੇ ਇੱਕ ਵਿਸ਼ਾਲ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਨੂੰ ਅਗਲੀ ਕਾਰਵਾਈ ਲਈ ਕਾਨੂੰਨ ਦੁਆਰਾ ਲਾਗੂ ਕਰਨ ਲਈ ਰਾਸ਼ਟਰਪਤੀ ਟਰੰਪ ਕੋਲ ਭੇਜਿਆ ਗਿਆ ਹੈ। ਇਸ ਰਾਹਤ ਸੰਬੰਧੀ ਕਾਨੂੰਨ ਨੂੰ ਪਿਛਲੇ ਦੋ ਹਫ਼ਤਿਆਂ ਦੀ ਗੱਲਬਾਤ ਦੇ ਬਾਅਦ ਸੋਮਵਾਰ ਨੂੰ 5,593 ਪੰਨਿਆਂ ਦੇ ਬਿੱਲ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਸੈਨੇਟ ਨੇ ਆਸਾਨੀ ਨਾਲ ਰਾਤ ਦੇ 11:42 ਵਜੇ 92 ਤੋਂ 6 ਵੋਟਾਂ ਦੇ ਨਾਲ ਬਿੱਲ ਨੂੰ ਪਾਸ ਕਰ ਦਿੱਤਾ ਸੀ। ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ, ਜੋ ਅਗਲੇ ਮਹੀਨੇ ਤੱਕ ਕੈਲੀਫੋਰਨੀਆ ਤੋਂ ਸੈਨੇਟਰ ਹੈ, ਵੀ ਬਿੱਲ ’ਤੇ ਵੋਟ ਪਾਉਣ ਲਈ ਸੰਸਦ ਮੈਂਬਰਾਂ ਦੇ ਸਮੂਹਾਂ ਵਿਚ ਮੌਜੂਦ ਸੀ। ਇਸਦੇ ਇਲਾਵਾ ਹਾਊਸ ਸਪੀਕਰ ਨੈਨਸੀ ਪੈਲੋਸੀ ਅਨੁਸਾਰ ਇਸ ਰਾਹਤ ਬਿੱਲ ਵਿਚ ਕੁੱਝ ਪੈਸਾ ਖਰਚਣਾ ਪਵੇਗਾ, ਪਰ ਇਹ ਨੌਕਰੀਆਂ ਦੀ ਰੱਖਿਆ ਕਰਨ ਦੇ ਨਾਲ ਅਮਰੀਕੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਆਰਥਿਕ ਪੈਕੇਜ ਵਿਚਲੀ 900 ਬਿਲੀਅਨ ਡਾਲਰ ਦੀ ਰਾਹਤ ਨੂੰ ਸਭ ਤੋਂ ਵੱਧ ਧਿਆਨ ਮਿਲਿਆ ਹੈ, ਜਿਸ ਵਿਚ ਸਤੰਬਰ 2021 ਤੱਕ ਸੰਘੀ ਏਜੰਸੀਆਂ ਨੂੰ ਫੰਡ ਦੇਣ ਅਤੇ ਘੱਟੋ-ਘੱਟ ਅਗਲੇ ਸਾਲ ਲਈ ਕਈ ਕਾਰੋਬਾਰਾਂ ਲਈ ਟੈਕਸ ਵਿਚ ਕਟੌਤੀਆਂ ਵੀ ਸ਼ਾਮਲ ਹਨ। ਇਹ ਪੈਕੇਜ ਸੰਘੀ ਬੇਰੁਜ਼ਗਾਰੀ ਲਾਭਾਂ ਨੂੰ ਪ੍ਰਤੀ ਹਫ਼ਤੇ 300 ਡਾਲਰ ਤੱਕ ਵਧਾਏਗਾ, ਜੋ ਕਿ 27 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ। ਇਹ ਕਾਨੂੰਨ ਕਈ ਹੋਰ ਜਰੂਰਤਾਂ ਨੂੰ ਵੀ ਪੂਰਾ ਕਰਦਾ ਹੈ, ਜਿਸ ਵਿਚ 45 ਬਿਲੀਅਨ ਆਵਾਜਾਈ ਲਈ, ਸਕੂਲਾਂ ਲਈ 82 ਬਿਲੀਅਨ, ਟੀਕੇ ਦੀ ਵੰਡ ਲਈ 20 ਬਿਲੀਅਨ ਅਤੇ ਭੋਜਨ ਦੇ ਪਸਾਰ ਲਈ 13 ਬਿਲੀਅਨ ਡਾਲਰ ਹਨ, ਜਦਕਿ ਬਿੱਲ ਦੇ ਮੁੱਖ ਲਾਭਾਂ ਵਿਚ ਅਮਰੀਕਾ ਵਾਸੀਆਂ ਨੂੰ 600 ਡਾਲਰ ਦੀ ਸਿੱਧੀ ਅਦਾਇਗੀ ਭੇਜਣਾ ਸ਼ਾਮਲ ਹੈ। ਕੋਰੋਨਾ ਮਹਾਂਮਾਰੀ ਦੌਰਾਨ ਪਾਸ ਹੋਏ ਇਸ ਆਰਥਿਕ ਪੈਕੇਜ ਦੇ ਸੰਬੰਧ ਵਿਚ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨੇ ਸੋਮਵਾਰ ਨੂੰ ਦੱਸਿਆ ਕਿ ਅਗਲੇ ਹਫਤੇ ਤੋਂ ਹੀ ਲੱਖਾਂ ਅਮਰੀਕੀ ਸਹਾਇਤਾ ਸੰਬੰਧੀ ਭੁਗਤਾਨਾਂ ਨੂੰ ਪ੍ਰਾਪਤ ਕਰ ਸਕਦੇ ਹਨ।


Share