ਸੈਨੇਟ ਨੇ ਲੋਇਡ ਅਸਟਿਨ ‘ਤੇ ਦੇਸ਼ ਦੇ ਡਿਫੈਂਸ ਸੈਕਟਰੀ ਵਜੋਂ ਲਗਾਈ ਮੋਹਰ 

473
Share

ਫਰਿਜ਼ਨੋ (ਕੈਲੀਫੋਰਨੀਆਂ), 23  ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/(ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਦੇਸ਼ ਦੇ ਡਿਫੈਂਸ ਸੈਕਟਰੀ ਵਜੋਂ ਨਾਮਜ਼ਦ ਕੀਤੇ ਗਏ ਉਮੀਦਵਾਰ ਲੋਇਡ ਅਸਟਿਨ ਦੀ ਅਮਰੀਕੀ ਸੈਨੇਟ ਵੱਲੋਂ ਸ਼ੁੱਕਰਵਾਰ ਦੇ ਦਿਨ ਇਸ ਅਹੁਦੇ ਲਈ ਪੁਸ਼ਟੀ ਕੀਤੀ ਗਈ ਹੈ। ਸੈਨੇਟ ਦੇ ਚੈਂਬਰ ਵੱਲੋਂ ਪ੍ਰਮਾਣਿਤ ਹੋਣ ਦੇ ਬਾਅਦ ਅਸਟਿਨ ਦੇਸ਼ ਦੇ ਪਹਿਲੇ ਕਾਲੇ ਮੂਲ ਦੇ ਰੱਖਿਆ ਸੱਕਤਰ ਬਣ ਗਏ ਹਨ। ਅਸਟਿਨ ਇੱਕ ਰਿਟਾਇਰਡ ਚਾਰ ਸਿਤਾਰਾ ਆਰਮੀ ਜਨਰਲ ਹਨ ਜੋ ਪਹਿਲਾਂ ਲੜਾਈ ਵਿੱਚ ਆਰਮੀ ਡਿਵੀਜ਼ਨ ਦੀ ਕਮਾਂਡ ਕਰਨ ਦੇ ਨਾਲ  ਇਰਾਕ ਵਿੱਚ ਸਯੁੰਕਤ ਰਾਜ ਦੇ ਬਲਾਂ ਦੇ ਕਮਾਂਡਿੰਗ ਜਨਰਲ ਦੇ ਤੌਰ ਤੇ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਪਹਿਲੇ ਗੈਰ ਗੋਰੇ ਜਨਰਲ ਸਨ। ਅਸਟਿਨ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਸੌਖੀ ਨਹੀਂ ਸੀ, ਜਿਸ ਵਿੱਚ  ਹਾਲ ਹੀ ‘ਚ ਸੇਵਾਮੁਕਤ ਹੋਏ ਫੌਜੀ ਅਧਿਕਾਰੀਆਂ ਨੂੰ ਰੱਖਿਆ ਸਕੱਤਰ ਵਜੋਂ ਸੇਵਾ ਕਰਨ ਤੋਂ ਰੋਕਣ ਵਾਲੇ ਕਾਨੂੰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਪਰ  ਡੈਮੋਕਰੇਟਸ ਨੇ ਜਨਵਰੀ ਨੂੰ ਕੈਪੀਟਲ ਵਿੱਚ ਹੋਏ ਦੰਗਿਆਂ ਤੋਂ ਬਾਅਦ ਬਾਈਡੇਨ ਦੀ ਰਾਸ਼ਟਰੀ ਸੁਰੱਖਿਆ ਟੀਮ ਵਿੱਚ ਅਸਟਿਨ ਦੀ ਲੋੜ ਦਾ ਹਵਾਲਾ ਦਿੰਦੇ ਹੋਏ, ਉਸਦੀ ਨਾਮਜ਼ਦਗੀ ਦਾ ਸਮਰਥਨ ਕੀਤਾ ਸੀ। ਜਿਕਰਯੋਗ ਹੈ ਕਿ  ਕਾਨੂੰਨ ਇਸ ਤਰ੍ਹਾਂ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸੈਨਿਕਾਂ ਦੇ ਸੱਤ ਸਾਲ ਪਹਿਲਾਂ ਰਿਟਾਇਰ ਹੋਣ ਦੀ ਮੰਗ ਕਰਦਾ ਹੈ। ਪਰ  ਸਦਨ ਨੇ ਵੀਰਵਾਰ ਦੁਪਹਿਰ ਅਸਟਿਨ ਨੂੰ ਇਸ ਕਾਨੂੰਨ ਤੋਂ ਛੋਟ ਦਿੱਤੀ ਅਤੇ ਸੈਨੇਟ ਨੇ ਇਸਦਾ ਪਾਲਣ ਕੀਤਾ ਕਰਦਿਆਂ ਪੁਸ਼ਟੀ ਪ੍ਰਕਿਰਿਆ ਪੂਰੀ ਕੀਤੀ। ਅਸਟਿਨ ਨੂੰ ਸੈਨੇਟ ਵਿੱਚ 93-2 ਵੋਟਾਂ ਨਾਲ ਹਰੀ ਝੰਡੀ ਦਿੱਤੀ ਜਦਕਿ ਦੋ ਰਿਪਬਲਿਕਨ ਸੈਨੇਟਰਾਂ ਮਿਸੂਰੀ ਦੇ ਜੋਸ਼ ਹੌਲੀ ਅਤੇ ਯੂਟਾਹ ਦੇ ਮਾਈਕ ਲੀ ਨੇ ਇਸ ਪੁਸ਼ਟੀ ਦੇ ਵਿਰੁੱਧ ਵੋਟ ਦਿੱਤੀ।

Share