ਸੈਨੇਟ ’ਚ 8 ਫਰਵਰੀ ਤੋਂ ਟਰੰਪ ’ਤੇ ਸ਼ੁਰੂ ਹੋਵੇਗਾ ਮਹਾਂਦੋਸ਼ ਦਾ ਟ੍ਰਾਇਲ

439
Share

ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਸੈਨੇਟ ਵਿੱਚ ਡੈਮੋਕਰੇਟਿਕ ਪਾਰਟੀ ਦੇ ਨੇਤਾ ਚਕ ਸ਼ੂਮਰ ਨੇ ਐਲਾਨ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਮਹਾਂਦੋਸ਼ ਦਾ ਟ੍ਰਾਇਲ 8 ਫਰਵਰੀ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਤੀਨਿਧੀ ਸਭਾ ਵਿੱਚ ਮਹਾਂਦੋਸ਼ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਣ ਬਾਅਦ ਵੀ ਟਰੰਪ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਸ਼ੂਮਰ ਨੇ ਕਿਹਾ ਕਿ ਅਸੀਂ ਸਾਰੇ ਆਪਣੇ ਦੇਸ਼ ਦੇ ਇਤਿਹਾਸ ਵਿੱਚ ਇਸ ਭਿਆਨਕ ਅਧਿਆਏ ਨੂੰ ਪਿੱਛੇ ਰੱਖਣਾ ਚਾਹੁੰਦੇ ਹਾਂ, ਪਰ ਰਾਸ਼ਟਰ ਦੀ ਏਕਤਾ ਲਈ ਇਹ ਜ਼ਰੂਰੀ ਹੈ ਕਿ ਸੱਚਾਈ ਅਤੇ ਜਵਾਬਦੇਹੀ ਤੈਅ ਕੀਤੀ ਜਾਵੇ। ਹਾਲਾਂਕਿ ਟਰੰਪ ਹੁਣ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਹਨ। ਹੁਣ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਹਨ।

ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਸ ਵਿੱਚ ਪਾਸ ਹੋ ਚੁੱਕਾ ਹੈ। ਹੁਣ ਪ੍ਰਕਿਰਿਆ ਉਪਰੀ ਸਦਨ ਵਿੱਚ ਸ਼ੁਰੂ ਹੋਵੇਗੀ। ਉਪਰਲੇ ਸਦਨ ਵਿੱਚ ਉਨ੍ਹਾਂ ਵਿਰੁੱਧ ਟ੍ਰਾਇਲ ਸ਼ੁਰੂ ਹੋਵੇਗਾ। ਟਰੰਪ ’ਤੇ 6 ਜਨਵਰੀ ਨੂੰ ਕੈਪਿਟਲ ਹਿਲ ਭਾਵ ਅਮਰੀਕੀ ਸੰਸਦ ’ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਹੈ। ਇਸ ਨੂੰ ਸਦਨ ਵਿੱਚ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਹੈ। 10 ਰਿਪਬਲੀਕਨਸ ਸੰਸਦ ਮੈਂਬਰਾਂ ਨੇ ਮਹਾਂਦੋਸ਼ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਅਮਰੀਕਾ ਦੇ ਇਤਿਹਾਸ ਵਿੱਚ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਵਿਰੁੱਧ ਇੱਕ ਹੀ ਕਾਰਜਕਾਲ ਵਿੱਚ ਦੋ ਵਾਰ ਮਹਾਂਦੋਸ਼ ਪ੍ਰਸਤਾਵ ਪਾਸ ਹੋ ਗਿਆ ਹੈ।


Share