ਸੈਨੇਟ ’ਚ ਮਹਾਂਦੋਸ਼ ਦੀ ਸੁਣਵਾਈ ’ਚ ਟਰੰਪ ਨੇ ਗਵਾਹੀ ਦੇਣ ਤੋਂ ਕੀਤਾ ਇਨਕਾਰ

449
Share

ਵਾਸ਼ਿੰਗਟਨ, 5 ਫਰਵਰੀ (ਪੰਜਾਬ ਮੇਲ)- ਸਦਨ ਵਿੱਚ ਮਹਾਂਦੋਸ਼ ਪ੍ਰਕਿਰਿਆ ਦੇ ਪ੍ਰਬੰਧਕਾਂ ਨੇ ਸੈਨੇਟ ਵਿੱਚ ਮਹਾਂਦੋਸ਼ ਦੀ ਸੁਣਵਾਈ ’ਚ ਗਵਾਹੀ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਦਿਆ ਹੈ। ਟਰੰਪ ਨੂੰ 6 ਜਨਵਰੀ ਦੀ ਘਟਨਾ ’ਚ ਉਨ੍ਹਾਂ ਦੀ ਭੂਮਿਕਾ ਦੇ ਸਬੰਧ ਵਿੱਚ ਸੱਦਿਆ ਗਿਆ, ਪਰ ਉਨ੍ਹਾਂ ਦੇ ਵਕੀਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਗਵਾਹੀ ਦੇਣ ਨਹੀਂ ਆਉਣਗੇ। ਪ੍ਰਮੁੱਖ ਪ੍ਰਬੰਧਕ ਜੈਮੀ ਰਸਕਿਨ ਨੇ ਟਰੰਪ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਤੋਂ ਸੁਣਵਾਈ ਦੌਰਾਨ ਜਾਂ ਉਸ ਤੋਂ ਪਹਿਲਾਂ ਗਵਾਹੀ ਦੇਣ ਦੀ ਬੇਨਤੀ ਕੀਤੀ ਸੀ। ਟਰੰਪ ਦੀ ਕਾਨੂੰਨੀ ਟੀਮ ਦੇ ਮਹਾਂਦੋਸ਼ ਦੇ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਬਾਅਦ ਇਹ ਪੱਤਰ ਭੇਜਿਆ ਗਿਆ ਸੀ। ਜਵਾਬ ਵਿੱਚ ਉਨ੍ਹਾਂ ਦੀ ਟੀਮ ਨੇ ਕਿਹਾ ਸੀ ਕਿ ਮਹਾਂਦੋਸ਼ ਅਜਿਹੇ ਵਿਅਕਤੀ ’ਤੇ ਚਲਾਇਆ ਜਾਂਦਾ ਹੈ, ਜਿਸ ਕੋਲ ਇਸ ਨਾਲ ਸਬੰਧਤ ਅਹੁਦਾ ਹੋਵੇ, ਕਿਉਂਕਿ ਉਹ (ਟਰੰਪ) ਹੁਣ ਰਾਸ਼ਟਰਪਤੀ ਨਹੀਂ ਹਨ। ਇਸ ਲਈ ਉਨ੍ਹਾਂ ’ਤੇ ਮਹਾਂਦੋਸ਼ ਨਹੀਂ ਚਲਾਇਆ ਜਾ ਸਕਦਾ।

ਜੈਮੀ ਰਸਕਿਨ ਨੇ ਟਰੰਪ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਦੋ ਦਿਨ ਪਹਿਲਾਂ ਤੁਸੀਂ ਜਵਾਬ ਦਾਖ਼ਲ ਕੀਤਾ ਸੀ, ਜਿਸ ਵਿੱਚ ਤੁਸੀਂ ਮਹਾਂਦੋਸ਼ ਨਾਲ ਜੁੜੇ ਕਈ ਦੋਸ਼ਾਂ ਦਾ ਖੰਡਨ ਕੀਤਾ ਸੀ। ਇਸ ਮਾਮਲੇ ਵਿੱਚ ਗਵਾਹੀ ਦੇਣ ਲਈ ਟਰੰਪ ਨੂੰ ਉਨ੍ਹਾਂ ਨੇ ਸੱਦਿਆ ਸੀ। ਉਨ੍ਹਾਂ ਨੂੰ 8 ਫਰਵਰੀ ਨੂੰ ਗਵਾਹੀ ਦੇਣ ਲਈ ਕਿਹਾ ਗਿਆ ਸੀ। ਇਸ ’ਤੇ ਸਾਬਕਾ ਰਾਸ਼ਟਰਪਤੀ ਦੇ ਸੀਨੀਅਰ ਵਕੀਲ ਜੈਸਨ ਮਿਲਨੇ ਨੇ ਕਿਹਾ ਕਿ ਟਰੰਪ ਗਵਾਹੀ ਨਹੀਂ ਦੇਣਗੇ। ਮਿਲਰ ਦੇ ਬਿਆਨ ’ਤੇ ਰਸਕਿਨ ਨੇ ਕਿਹਾ ਕਿ ਉਨ੍ਹਾਂ ਨੇ 6 ਜਨਵਰੀ ਦੀ ਘਟਨਾ ਸਬੰਧੀ ਗਵਾਹੀ ਦੇਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਵਕੀਲ ਦੇ ਬਿਆਨ ਦੇ ਬਾਵਜੂਦ ਅਮਰੀਕਾ ਸਰਕਾਰ ਵਿਰੁੱਧ ਹਥਿਆਰਬੰਦ ਹਿੰਸਾ ਭੜਕਾਉਣ ਦੇ ਕਿਸੇ ਵੀ ਦੋਸ਼ੀ ਨੂੰ ਆਜ਼ਾਦੀ ਤੇ ਇਮਾਨਮਾਰੀ ਨਾਲ ਗਵਾਹੀ ਦੇਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸੁਣਵਾਈ ਵਿੱਚ ਇਹ ਸਾਬਤ ਕਰਨਗੇ ਕਿ ਟਰੰਪ ਦਾ ਚਰਿੱਤਰ ਅਸਵੀਕਾਰ ਹੈ।


Share