ਸੈਨਾ ਨੂੰ ਮੁਜ਼ਾਹਰਿਆਂ ਦੌਰਾਨ ਮੁਜ਼ਾਹਰਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਨਹੀਂ ਦਿੱਤਾ: ਵਿਕਰਮਸਿੰਘੇ

63
ਕੋਲੰਬੋ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਸੁੱਟੇ ਗਏ ਅਥਰੂ ਗੈਸ ਦੇ ਗੋਲੇ ਵਾਪਸ ਸੁੱਟਦੇ ਹੋਏ ਵਿਦਿਆਰਥੀ।
Share

ਕੋਲੰਬੋ, 20 ਮਈ (ਪੰਜਾਬ ਮੇਲ)- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ਵਿਰੋਧੀ ਹਿੰਸਕ ਰੋਸ ਮੁਜ਼ਾਹਰਿਆਂ ਦੌਰਾਨ ਮੁਜ਼ਾਹਰਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਕੋਈ ਵੀ ਹੁਕਮ ਰੱਖਿਆ ਮੰਤਰਾਲੇ ਨੂੰ ਨਹੀਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਦੇਸ਼ ‘ਚ ਆਰਥਿਕ ਤੇ ਸਿਆਸੀ ਸੰਕਟ ਖ਼ਿਲਾਫ਼ ਚੱਲ ਰਹੇ ਹਿੰਸਕ ਰੋਸ ਮੁਜ਼ਾਹਰਿਆਂ ਦੌਰਾਨ ਸੈਨਾ ਨੂੰ ਸਰਕਾਰੀ ਜਾਇਦਾਦ ਲੁੱਟਣ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ‘ਤੇ ਗੋਲੀ ਚਲਾਉਣ ਸਬੰਧੀ 10 ਮਈ ਨੂੰ ਹੁਕਮ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵਿਕਰਮਸਿੰਘੇ ਨੇ ਕਿਹਾ ਕਿ ਲਿਖਤੀ ਤੌਰ ‘ਤੇ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਿਸ ਆਪਣੀ ਤਾਕਤ ਦੀ ਵਰਤੋਂ ਕਰ ਸਕਦੀ ਹੈ ਅਤੇ ਲੋੜ ਪੈਣ ‘ਤੇ ਗੋਲੀ ਵੀ ਚਲਾ ਸਕਦੀ ਹੈ ਪਰ ਇਸ ਪਿੱਛੇ ਪ੍ਰਕਿਰਿਆ ਦਾ ਪਾਲਣ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕੁਝ ਸੰਸਦ ਮੈਂਬਰਾਂ ਦੀ ਜਾਇਦਾਦ ‘ਤੇ ਹਮਲਾ ਜ਼ਰੂਰ ਹੋਇਆ ਸੀ ਪਰ ਦੇਖਦੇ ਹੀ ਗੋਲੀ ਮਾਰਨ ਵਰਗਾ ਹੁਕਮ ਜਾਰੀ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਸਰਕਾਰ ਵਿਰੋਧੀ ਤੇ ਸਰਕਾਰ ਹਮਾਇਤੀ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਦੇ ਮਾਮਲੇ ‘ਚ ਪੁਲਿਸ ਨੇ ਹਾਕਮ ਐੱਸ.ਐੱਲ.ਪੀ.ਪੀ. ਸੰਸਦੀ ਗਰੁੱਪ ਦੇ ਤਿੰਨ ਹੋਰ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਹੈ।


Share