ਸੈਕਰਾਮੈਂਟੋ ਵਿੱਚ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼

133
Share

ਫਰਿਜ਼ਨੋ, 11 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਸੈਕਰਾਮੈਂਟੋ ਵਿੱਚ ਪੰਜਾਬੀ ਮੂਲ ਦੇ ਵਿਅਕਤੀਆਂ ਦਾ ਨਾਮ ਅੰਤਰਰਾਸ਼ਟਰੀ ਡਰੱਗ ਤਸਕਰੀ ਵਿੱਚ ਲਿਆ ਗਿਆ ਹੈ। ਇਸ ਸੰਬੰਧੀ ਕੈਨੇਡੀਅਨ ਅੰਡਰਕਵਰ ਏਜੰਟ ਦੇ ਨਾਲ ਕੰਮ ਕਰ ਰਹੇ ਸੈਕਰਾਮੈਂਟੋ ਦੇ ਫੈਡਰਲ ਏਜੰਟਾਂ ਅਨੁਸਾਰ ਉਨ੍ਹਾਂ ਨੇ ਡੇਵਿਸ, ਸੈਕਰਾਮੈਂਟੋ ਅਤੇ ਰੋਜ਼ਵੈਲ ਵਿੱਚ ਚੱਲ ਰਹੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਨ ਦੇ ਨਾਲ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਹਨਾਂ ਤਿੰਨ ਵਿਅਕਤੀਆਂ ਨੂੰ ਸੈਕਰਾਮੈਂਟੋ ਕਾਉਂਟੀ ਦੀ ਮੁੱਖ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਜ਼ੂਮ ਦੁਆਰਾ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਅਗਲੇ ਹਫ਼ਤੇ ਨਜ਼ਰਬੰਦੀ ਦੀ ਸੁਣਵਾਈ ਅਧੀਨ ਹਿਰਾਸਤ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਦੇ ਰਿਕਾਰਡ ਅਨੁਸਾਰ ਇਹਨਾਂ ਗ੍ਰਿਫ਼ਤਾਰੀਆਂ ਲਈ ਛੇ ਮਹੀਨਿਆਂ ਦੀ ਪੜਤਾਲ ਕੀਤੀ ਗਈ ਹੈ, ਜਿਸ ਵਿੱਚ  ਕੈਨੇਡਾ ਅਤੇ ਅਮਰੀਕਾ ‘ਚ ਨਸ਼ੇ ਦੀ ਗੁਪਤ ਖਰੀਦ, ਮੋਬਾਈਲ ਫੋਨ ਦੀ ਨਿਗਰਾਨੀ ਅਤੇ ਪੰਜਾਬੀ ਵਿੱਚ ਕੀਤੇ ਗਏ ਇਨਕ੍ਰਿਪਟਿਡ ਸੰਚਾਰ ਸ਼ਾਮਲ ਹਨ। ਇਸ ਮਾਮਲੇ ਵਿੱਚ ਕੋਕੀਨ, ਹੈਰੋਇਨ, ਅਫੀਮ ਅਤੇ ਕੇਟਾਮਾਈਨ ਵੰਡਣ ਦੀ ਸਾਜਿਸ਼ ਦੇ ਨਾਲ ਸੰਘੀ ਅਪਰਾਧਕ  ਦੋਸ਼ ਲਗਾਏ ਗਏ ਹਨ । ਇਹ ਵਿਅਕਤੀ ਕੋਕੀਨ  ਵਾਲੇ  ਕਿਸੇ ਪਦਾਰਥ ਦੀ ਵੰਡ ਲਈ ਵੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਤਿੰਨੋਂ ਬਿਨਾਂ ਜ਼ਮਾਨਤ ਦੇ ਰੱਖੇ ਜਾ ਰਹੇ ਹਨ। ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਵਿਸ਼ੇਸ਼ ਏਜੰਟ ਜੋਸ਼ੂਆ ਦੁਆਰਾ ਅਦਾਲਤ ਵਿਚ ਦਾਇਰ ਹਲਫਨਾਮੇ ਅਨੁਸਾਰ, ਤਿੰਨਾਂ ਵਿਅਕਤੀਆਂ ਨੇ ਇਕੋ ਸਮੇਂ ਸੈਂਕੜੇ ਕਿਲੋਗ੍ਰਾਮ ਕੋਕੀਨ, ਹੈਰੋਇਨ, ਅਫੀਮ ਅਤੇ ਕੇਟਾਮਿਨ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਉਨ੍ਹਾਂ ਦੇ ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ ਮੈਕਸੀਕੋ, ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਜਰਮਨੀ ਨਾਲ ਵੀ ਨਸ਼ਾ ਤਸਕਰੀ ਦੇ ਸੰਪਰਕ ਹਨ। ਅਦਾਲਤ ਅਨੁਸਾਰ ਓਟਾਵਾ ਵਿੱਚ ਰਹਿਣ ਵਾਲੇ ਅਮਰੀਕੀ ਡੀ ਈ ਏ ਏਜੰਟਾਂ ਨੇ ਜੂਨ 2020 ਵਿੱਚ ਇਸ ਕਾਰਵਾਈ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਅਕਤੂਬਰ ਵਿੱਚ ਸੈਕਰਾਮੈਂਟੋ ਖੇਤਰ ਵਿੱਚ ਏਜੰਟਾਂ ਨਾਲ ਸੰਪਰਕ ਕੀਤਾ। ਅਦਾਲਤ ਦੇ ਰਿਕਾਰਡ ਅਨੁਸਾਰ, ਜਾਂਚ ਦੇ ਅਖੀਰ ਵਿੱਚ ਕੈਨੇਡਾ ਅਤੇ ਸੈਕਰਾਮੈਂਟੋ ਵਿੱਚ ਨਸ਼ਿਆਂ ਦੀ ਖਰੀਦ ਹੋਈ। ਜਿਸਦੇ ਬਾਅਦ ਏਜੰਟਾਂ ਨੇ ਇਹਨਾਂ ਵਿਅਕਤੀਆਂ ਖਿਲਾਫ  ਸਰਚ ਵਾਰੰਟ ਹਾਸਲ ਕਰਕੇ ਅਤੇ ਇਹਨਾਂ ਦੀਆਂ ਜਾਇਦਾਦਾਂ ਅਤੇ ਗੱਡੀਆਂ ਦੀ ਸਰਚ ਲਈ ਵੀ ਕਾਰਵਾਈ ਕੀਤੀ।

Share