ਸੈਕਰਾਮੈਂਟੋ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ ’ਚ ਵਿਸ਼ਾਲ ਰੈਲੀ ਦਾ ਆਯੋਜਨ

524
Share

ਸੈਕਰਾਮੈਂਟੋ, 23 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਭਾਰਤ ਵਿਚ ਕਿਸਾਨ ਮੋਰਚੇ ਦੇ ਹੱਕ ਵਿਚ ਅਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਸੈਕਰਾਮੈਂਟੋ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਸ਼ੁਰੂ ਹੋਈ ਇਹ ਰੈਲੀ ਕੈਲੀਫੋਰਨੀਆ ਦੀ ਰਾਜਧਾਨੀ ਤੱਕ ਪਹੁੰਚੀ। ਇਸ ਕਾਰ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਬੱਚੇ, ਬੁੱਢੇ, ਜਵਾਨ, ਔਰਤਾਂ ਵੱਧ-ਚੜ੍ਹ ਕੇ ਇਸ ਰੈਲੀ ਦਾ ਹਿੱਸਾ ਬਣੇ। ਪਹਿਲਾਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਪਾਰਕਿੰਗ ਲਾਟ ਵਿਚ ਵਿਸ਼ਾਲ ਇਕੱਠ ਹੋਇਆ। ਇਥੇ ਕਿਸਾਨਾਂ ਦੇ ਹੱਕ ਵਿਚ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਰੱਖੇ, ਜਿਸ ਦੌਰਾਨ ਉਨ੍ਹਾਂ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਵਿਚ ਬਣਾਏ ਗਏ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਧਰਨਿਆਂ ’ਤੇ ਬੈਠੇ ਕਿਸਾਨਾਂ ਦੀ ਸ਼ਲਾਘਾ ਕੀਤੀ ਗਈ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਆਪਣੇ ਕਾਰੋਬਾਰ ਛੱਡ ਕੇ ਆਪਣੇ ਘਰਾਂ ਤੋਂ ਸੈਂਕੜੇ ਮੀਲ ਅਤਿ ਦੀ ਠੰਡ ਵਿਚ ਸੜਕਾਂ ’ਤੇ ਬੈਠ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ ’ਤੇ ਬੈਠੇ ਹਨ। ਸੈਕਰਾਮੈਂਟੋ ਰੈਲੀ ਵਿਚ ਲੋਕਾਂ ਨੇ ਕਿਸਾਨਾਂ ਦੇ ਹੱਕ ਵਿਚ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਉੱਤੇ ਕਿਸਾਨਾਂ ਦੇ ਹੱਕ ਵਿਚ ਸਲੋਗਨ ਲਿਖੇ ਹੋਏ ਸਨ। ਰੈਲੀ ਵਿਚ ਲੋਕ ਟਰੈਕਟਰ, ਕਾਰਾਂ, ਟਰੱਕਾਂ, ਬੱਸਾਂ, ਮੋਟਰ ਸਾਈਕਲ ਲੈ ਕੇ ਪਹੁੰਚੇ। ਇਹ ਰੈਲੀ ਲਗਭਗ 3 ਮੀਲ ਲੰਬੀ ਸੀ। ਪੁਲਿਸ ਵੱਲੋਂ ਰੈਲੀ ਨੂੰ ਕੰਟਰੋਲ ਕਰਨ ਲਈ ਬੰਦੋਬਸਤ ਕੀਤੇ ਹੋਏ ਸਨ।


Share