ਸੈਕਰਾਮੈਂਟੋ ’ਚ ਸੜਕ ਹਾਦਸੇ ਦੌਰਾਨ ਪੁਲਿਸ ਅਫਸਰ ਸਮੇਤ 2 ਪੰਜਾਬੀਆਂ ਦੀ ਮੌਤ

313
Share

-ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ
ਸੈਕਰਾਮੈਂਟੋ, 1 ਸਤੰਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਉਟੀ ਦੇ ਸ਼ਹਿਰ ਗਾਲਟ ’ਚ ਤੈਨਾਤ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। 27 ਸਾਲਾ ਹਰਮਿੰਦਰ ਗਰੇਵਾਲ ਗ੍ਰਾਂਟ ਲਾਈਨ ਰੋਡ ’ਤੇ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆ ਰਿਹਾ ਪਿਕਅੱਪ ਟਰੱਕ ਉਸਦੀ ਗੱਡੀ ਨਾਲ ਟਕਰਾ ਗਿਆ, ਜਿਸ ਕਰਕੇ ਹਰਮਿੰਦਰ ਸਿੰਘ ਗਰੇਵਾਲ ਸਖਤ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਉਥੇ ਮੌਤ ਹੋ ਗਈ। ਪਿਕਅੱਪ ਟਰੱਕ ਦਾ ਡਰਾਇਵਰ ਵੀ ਪੰਜਾਬੀ ਮਨਜੋਤ ਸਿੰਘ ਥਿੰਦ ਸੀ। ਉਸਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ।
ਹਰਮਿੰਦਰ ਸਿੰਘ ਗਰੇਵਾਲ ਗਾਲਟ ਵਿਖੇ ਆਪਣੇ ਮਾਂ-ਬਾਪ ਅਤੇ ਭਰਾ ਨਾਲ ਰਹਿ ਰਿਹਾ ਸੀ। ਉਸਦਾ ਪਿਛਲਾ ਪਿੰਡ ਗਾਲਬ, ਜ਼ਿਲ੍ਹਾ ਲੁਧਿਆਣਾ ਸੀ। ਦੂਜੇ ਮਰਨ ਵਾਲੇ ਪੰਜਾਬੀ ਨੌਜਵਾਨ ਮਨਜੋਤ ਸਿੰਘ ਥਿੰਦ ਦਾ ਪਿਛਲਾ ਪਿੰਡ ਰਾਏਕੋਟ, ਜ਼ਿਲ੍ਹਾ ਲੁਧਿਆਣਾ ਸੀ ਅਤੇ ਉਹ ਇਥੇ ਮਨਟੀਕਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਹਰਮਿੰਦਰ ਸਿੰਘ ਗਰੇਵਾਲ ਪਿਛਲੇ ਲਗਭਗ ਢਾਈ ਸਾਲਾਂ ਤੋਂ ਗਾਲਟ ਪੁਲਿਸ ਵਿਭਾਗ ’ਚ ਸੇਵਾ ਨਿਭਾਅ ਰਿਹਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਇਕ ਬਹਾਦਰ, ਨਿਡਰ ਅਤੇ ਦਯਾਲੂ ਵਿਅਕਤੀ ਸੀ। ਉਸ ਨੇ ਆਪਣੀ ਨੌਕਰੀ ਦੌਰਾਨ ਕਈ ਬਹਾਦਰੀ ਵਾਲੇ ਇਨਾਮ ਵੀ ਜਿੱਤੇ ਸਨ। ਉਹ ਸਾਲ 2020 ਦਾ ਬੈਸਟ ਅਧਿਕਾਰੀ ਵੀ ਚੁਣਿਆ ਗਿਆ ਸੀ। ਇਸ ਹਾਦਸੇ ਦੌਰਾਨ ਹੋਈਆਂ ਮੌਤਾਂ ਕਾਰਨ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਹੈ। ਗਾਲਟ ਦੇ ਮੇਅਰ ਪਰਗਟ ਸਿੰਘ ਸੰਧੂ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਕਮਿਸ਼ਨਰ ਕਸ਼ਮੀਰ ਸਿੰਘ ਸ਼ਾਹੀ, ਕਮਿਸ਼ਨਰ ਪਰਮਿੰਦਰ ਸਿੰਘ ਸ਼ਾਹੀ, ਕਾਉਟੀ ਸੁਪਰਵਾਈਜ਼ਰ ਮੈਨੀ ਗਰੇਵਾਲ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Share