ਸੈਕਰਾਮੈਂਟੋ ‘ਚ ਪੰਜਾਬੀ ਸਟੋਰ ਮਾਲਕ ਦਾ ਦਿਨ-ਦਿਹਾੜੇ ਕਤਲ

996

ਸੈਕਰਾਮੈਂਟੋ, 11 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਇਕ 48 ਸਾਲਾ ਪੰਜਾਬੀ ਸਟੋਰ ਮਾਲਕ ਕੁਲਵਿੰਦਰ ਸਿੰਘ ਦੇ ਮਾਰੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਗਈ ਸੂਚਨਾ ਅਨੁਸਾਰ ਸੈਕਰਾਮੈਂਟੋ ਦੇ ਡਾਊਨ ਟਾਊਨ ਏਰੀਆ ‘ਚ ਐੱਸ ਸਟਰੀਟ ‘ਤੇ ਗੋਲਡ ਸਟਾਰ ਮਿੰਨੀ ਮਾਰਟ ਸਟੋਰ ‘ਤੇ ਕੁੱਝ ਲੁਟੇਰੇ ਆਏ ਅਤੇ ਬੀਅਰ ਚੁੱਕ ਕੇ ਭੱਜਣ ਲੱਗੇ। ਸਟੋਰ ਦੇ ਮਾਲਕ ਕੁਲਵਿੰਦਰ ਸਿੰਘ ਵੱਲੋਂ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਸੁਰੱਖਿਆ ਦਸਤੇ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ, ਤਾਂ ਉਦੋਂ ਤੱਕ ਲੁਟੇਰੇ ਉਥੋਂ ਭੱਜ ਚੁੱਕੇ ਸਨ। ਪੁਲਿਸ ਮੁਤਾਬਕ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ, ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਬਾਰੇ ਪੁਲਿਸ ਸਬੂਤ ਇਕੱਠੇ ਕਰਨ ‘ਤੇ ਲੱਗੀ ਹੋਈ ਹੈ। ਕੁਲਵਿੰਦਰ ਸਿੰਘ ਦੀ ਪਤਨੀ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਕ 8 ਸਾਲ ਦਾ ਬੇਟਾ ਹੈ। ਕੁਲਵਿੰਦਰ ਸਿੰਘ ਦਾ ਪਿਛਲਾ ਪਿੰਡ ਪੰਜਾਬ ਦੇ ਧੁਰੀ ਨਾਲ ਸੰਬੰਧਤ ਸੀ। ਉਸ ਦੀ ਪਤਨੀ ਨੇ ਰੌਂਦਿਆਂ ਦੱਸਿਆ ਕਿ ਉਹ ਇਕ ਦਿਨ ਵਿਚ ਹੀ ਅਰਸ਼ ਤੋਂ ਫਰਸ਼ ‘ਤੇ ਆ ਗਈ ਹੈ। 
ਸਟੋਰ ਦੇ ਆਂਢ-ਗੁਆਂਢ ਰਹਿੰਦੇ ਲੋਕਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਬਹੁਤ ਹੀ ਸ਼ਰੀਫ, ਹਸਮੁੱਖ ਅਤੇ ਵਧੀਆ ਇਨਸਾਨ ਸਨ। ਲੋਕਾਂ ਨੇ ਦੱਸਿਆ ਕਿ ਉਹ ਹਰ ਇਕ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਸੀ। ਇਸ ਵਾਰਦਾਤ ਨਾਲ ਇਲਾਕੇ ਦੇ ਲੋਕ ਕਾਫੀ ਸਦਮੇ ਵਿਚ ਹਨ। ਹਰ ਧਰਮ ਦੇ ਲੋਕਾਂ ਨੇ ਗੋਲਡ ਸਟਾਰ ਮਿੰਨੀ ਮਾਰਟ ‘ਤੇ ਪਹੁੰਚ ਕੇ ਬਹੁਤ ਸਾਰੇ ਫੁੱਲ ਅਤੇ ਹੋਰ ਯਾਦਗਾਰੀ ਚੀਜ਼ਾਂ ਰੱਖੀਆਂ ਹਨ ਅਤੇ ਕੰਧ ਉਪਰ ਕੁਲਵਿੰਦਰ ਸਿੰਘ ਉਰਫ ਇੰਦੀ ਬਾਰੇ ਆਪਣੇ ਚੰਗੇ ਸੰਬੰਧਾਂ ਬਾਰੇ ਲਿਖਿਆ ਹੈ। 
ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ 14 ਮਾਰਚ, ਦਿਨ ਸ਼ਨਿੱਚਰਵਾਰ, ਦੁਪਹਿਰ 1 ਵਜੇ North Sacramento 6uneral 8ome, ੭੨੫ 5l 3amino 1ve, Sacramento, 31 ੯੫੮੧੫ ਵਿਖੇ ਹੋਵੇਗਾ। ਉਪਰੰਤ ਗੁਰਦੁਆਰਾ ਸਾਹਿਬ ਰੋਜ਼ਵਿਲ ਵਿਖੇ ਆਤਮਿਕ ਸ਼ਾਂਤੀ ਲਈ ਅਰਦਾਸ ਹੋਵੇਗੀ।