

ਉਨ੍ਹਾਂ ਕਿਹਾ, ਸਾਨੂੰ ਅੱਜ ਵੀ ਭਾਰਤ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਕਿਉਕਿ ਸਾਡਾ ਕੋਈ ਆਪਣਾ ਘਰ ਹੀ ਨਹੀਂ ਹੈ। ਸਿੱਖ ਆਗੂ ਸ. ਜੌਨ ਸਿੰਘ ਗਿੱਲ ਨੇ ਭਾਰਤ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕਿਸਾਨ ਮੋਰਚਿਆਂ ’ਚ ਹੋਰ ਸ਼ਾਮਲ ਹੋਣ ਤੇ ਪੈਸੇ ਦੀ ਮਦਦ ਨਿਰੰਤਰ ਕੀਤੀ ਜਾਵੇਗੀ। ਇਸ ਲਈ ਸਾਨੂੰ ਫੰਡ ਵੀ ਇਕੱਠੇ ਕਰਨੇ ਪਏ, ਤਾਂ ਅਸੀਂ ਕਰਾਂਗੇ। ਉਨ੍ਹਾਂ ਸੋਸ਼ਲ ਮੀਡੀਏ ਨੂੰ ਭਰਪੂਰ ਵਰਤੋਂ ’ਚ ਲਿਆਉਣ ਲਈ ਕਿਹਾ। ਸਮਾਜਿਕ ਆਗੂ ਮਲਕੀਤ ਸਿੰਘ ਬੋਪਾਰਾਏ ਨੇ ਕਿਸਾਨਾਂ ਦੇ ਹੋਏ ਕਤਲੇਆਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿਰਫ ਸਾਡੇ ਨਾਲ ਹੀ ਅਜਿਹਾ ਕਿਉ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸਮੈਨਾਂ ਨੂੰ ਸਾਡੇ ਪੜ੍ਹੇ-ਲਿਖੇ ਭਾਈਚਾਰੇ ਵਲੋਂ ਲਿਖਿਆ ਜਾਣਾ ਚਾਹੀਦਾ ਹੈ। ਬਿਜ਼ਨਸਮੈਨ ਜਸਵੀਰ ਸਿੰਘ ਥਾਂਦੀ ਨੇ ਕਿਹਾ ਕਿ ਸਰਕਾਰ ਸਾਡੇ ਇਤਿਹਾਸ ਨੂੰ ਨਹੀਂ ਜਾਣਦੀ, ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਨੂੰ ਇਕੱਠ ਹੋ ਕੇ ਜਿੱਤ ਪ੍ਰਾਪਤ ਕਰਨ ਲਈ ਤਹੱਈਆ ਕਰਨਾ ਚਾਹੀਦਾ ਹੈ। ਬਰਾਡਸ਼ਾਅ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਯੂ.ਪੀ. ਵਾਪਰੀ ਘਟਨਾ ਵਾਲੇ ਇਲਾਕੇ ਨਾਲ ਸਬੰਧ ਰੱਖਦਾ ਹੈ ਪਰ ਉਥੇ ਸਿੱਖਾਂ ਦੀਆਂ ਬੇਸ਼ੁਮਾਰ ਜਾਇਦਾਦਾਂ ਹਨ ਪਰ ਇਸ ਘਟਨਾ ਨੇ ਤਰਾਈ ਦੇ ਸਿੱਖਾਂ ਨੂੰ ਇਕੱਲੇਪਨ ਦਾ ਫਿਰ ਅਹਿਸਾਸ ਕਰਵਾਇਆ ਹੈ ਤੇ ਭਾਰਤ ਵਿਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਹਨ। ਸਟੇਜ ਦੀ ਕਾਰਵਾਈ ਸੀਤਲ ਸਿੰਘ ਨਿੱਝਰ ਤੇ ਸੁੱਖੀ ਸੇਖੋਂ, ਅਮਨਦੀਪ ਸਿੰਘ ਸੰਧੂ ਨੇ ਨਿਭਾਈ। ਇਸ ਮੌਕੇ ਹੋਰ ਬੁਲਾਰਿਆਂ ਵਿਚ ਜੈਗ ਬੈਂਸ, ਕੇਸਰ ਸਿੰਘ, ਰਾਜਾ ਕੰਗ, ਬੂਟਾ ਢਿੱਲੋਂ, ਫਕੀਰ ਸਿੰਘ ਮੱਲੀ ਨੇ ਵੀ ਵਿਚਾਰ ਰੱਖੇ। ਇਸ ਮੌਕੇ ਕੈਲੀਫੋਰਨੀਆ ਦੀ ਅਸੈਂਬਲੀ ’ਚ ਕੰਮ ਕਰਦੇ ਗੁਰਲੀਨ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਲਈ ਸਮੂਹਿਕ ਤੌਰ ’ਤੇ ਕਿਸਾਨਾਂ ਪ੍ਰਤੀ ਇੱਕ ਮੈਮੋਰੰਡਮ ਦਿੱਤਾ ਗਿਆ।