ਸੈਂਟਾ ਨੇਲਾ ਦੇ ਗੈਸ ਸਟੇਸ਼ਨ ‘ਤੇ ਤੇਲ ਪੁਆਉਣ ਤੋਂ ਹੋਏ ਝਗੜੇ ਦੌਰਾਨ ਇਕ ਜ਼ਖਮੀ

790

ਸੈਂਟਾ ਨੈਲਾ, 23 ਸੰਤਬਰ (ਕੈਲੀਫੋਰਨੀਆ), (ਪੰਜਾਬ ਮੇਲ)- ਕੈਲੀਫੋਰਨੀਆ ਦੇ ਫਰੀਵੇਅ 5 ‘ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ ‘ਤੇ ਤੇਲ ਪੁਆਉਣ ਦੀ ਵਾਰੀ ਨੂੰ ਲੈ ਕੇ ਦੋ ਪੰਜਾਬੀ ਟਰੱਕ ਡਰਾਈਵਰਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ। ਹੱਥੋਂ ਪਾਈ ਮਗਰੋਂ ਗੱਲ ਵੱਢ-ਟੁੱਕ ਤੱਕ ਪਹੁੰਚ ਗਈ। ਸੈਕਰਾਮੈਂਟੋ ਨਿਵਾਸੀ ਸ. ਕੁਲਦੀਪ ਸਿੰਘ ਸੰਧੂ ਜੋ ਅੰਮ੍ਰਿਤਧਾਰੀ ਹੈ, ਨੇ ਆਪਣੀ ਗਾਤਰੇ ਨਾਲ ਦੂਸਰੇ ਡਰਾਈਵਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਰਾਦਾ ਕਤਲ ਕੇਸ ‘ਚ ਮਰਸਿਡ ਕਾਉਂਟੀ ਸ਼ੈਰਿਫ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਜ਼ਮਾਨਤ ਦੀ ਰਕਮ 5 ਲੱਖ ਡਾਲਰ ਰੱਖੀ ਗਈ ਹੈ। ਘਟਨਾ ਵਿਚ ਜ਼ਖਮੀ ਹੋਏ 47 ਸਾਲਾ ਅਲਵਿੰਦਰ ਸਿੰਘ ਖੰਗੂੜਾ ਨੂੰ ਗਾਤਰੇ ਦੇ ਕਈ ਟੱਕ ਲੱਗੇ। ਉਸ ਨੂੰ ਪਿੱਠ, ਗਰਦਨ ਅਤੇ ਬਾਂਹ ਤੋਂ ਇਲਾਵਾਂ ਵੀ ਕਈ ਟੱਕ ਲੱਗੇ। ਪੁਲਿਸ ਨੇ ਤੁਰੰਤ ਅਲਵਿੰਦਰ ਸਿੰਘ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਅਤੇ ਆਪਣੇ ਘਰ ਵਾਪਸ ਆ ਗਿਆ ਹੈ। ਉਸ ਦੀ ਰਿਹਾਇਸ਼ ਫਰਿਜ਼ਨੋ ਦੇ ਨਜ਼ਦੀਕ ਫੋਲਰ ਸਿਟੀ ਵਿਖੇ ਹੈ। ਉਹ 1994 ਤੋਂ ਅਮਰੀਕਾ ਰਹਿ ਰਿਹਾ ਹੈ ਅਤੇ ਸ਼ੁਰੂ ਤੋਂ ਹੀ ਉਸ ਨੇ ਆਪਣੇ ਟਰੱਕ ਦੀ ਡਰਾਈਵਰੀ ਹੀ ਕੀਤੀ ਹੈ। ਉਸ ਨੇ ਦੱਸਿਆ ਕਿ ਮੈਂ ਇਸ ਘਟਨਾ ਤੋਂ ਪਹਿਲਾਂ ਕਦੇ ਵੀ ਕੁਲਦੀਪ ਸਿੰਘ ਸੰਧੂ ਨੂੰ ਨਹੀਂ ਮਿਲਿਆ ਸੀ ਅਤੇ ਨਾ ਹੀ ਮੈਂ ਉਸ ਨੂੰ ਜਾਣਦਾ ਸੀ।