ਸੈਂਕੜੇ ਸਿੱਖ ਤੇ ਹਿੰਦੂ ਪਰਿਵਾਰਾਂ ਨੇ ਅਫਗਾਨਿਸਤਾਨ ਗੁਰਦੁਆਰੇ ’ਚ ਲਈ ਪਨਾਹ

1012
ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਉਪਰੰਤ ਕਾਬੁਲ ਦੇ ਗੁਰਦੁਆਰੇ ’ਚ ਹਾਲਾਤ ਤੋਂ ਚਿੰਤਤ ਬੈਠੇ ਹੋਏ ਸਿੱਖ ਭਾਈਚਾਰੇ ਦੇ ਲੋਕ।
Share

-ਸਾਰੇ ਸੁਰੱਖਿਅਤ, ਪਰ ਬਦਲੇ ਹਾਲਾਤ ਤੋਂ ਚਿੰਤਤ
ਕਾਬੁਲ, 18 ਅਗਸਤ (ਪੰਜਾਬ ਮੇਲ)-ਅਫਗਾਨਿਸਤਾਨ ’ਚ ਸੱਤਾ ਤਬਦੀਲੀ ਤੇ ਤਾਲਿਬਾਨ ਦੀ ਬਾਦਸ਼ਾਹਤ ਤੋਂ ਬਾਅਦ ਉੱਥੇ ਰਹਿੰਦੇ 300 ਤੋਂ ਵੱਧ ਸਿੱਖ ਤੇ ਹਿੰਦੂ ਪਰਿਵਾਰਾਂ ਨੇ ਕਾਬੁਲ ਦੇ ਗੁਰਦੁਆਰੇ ’ਚ ਪਨਾਹ ਲਈ ਹੋਈ ਹੈ। ਉਹ ਸਾਰੇ ਸੁਰੱਖਿਅਤ ਹਨ, ਪਰ ਉੱਥੋਂ ਦੇ ਬਦਲੇ ਹੋਏ ਹਾਲਾਤ ਤੋਂ ਚਿੰਤਤ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਫਗਾਨਿਸਤਾਨ ’ਚ ਰਹਿ ਰਹੇ 300 ਤੋਂ ਵੱਧ ਸਿੱਖ ਤੇ ਹਿੰਦੂ ਪਰਿਵਾਰ ਕਾਬੁਲ ਦੇ ਗੁਰਦੁਆਰੇ ’ਚ ਸ਼ਰਨ ਲੈ ਰਹੇ ਹਨ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਕਾਬੁਲ ਸਥਿਤ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਲਗਪਗ 320 ਪਰਿਵਾਰ ਗਜ਼ਨੀ ਤੇ ਜਲਾਲਾਬਾਦ ਤੋਂ ਕਾਬੁਲ ਪਹੁੰਚ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਉਥੇ ਰਹਿਣ ਵਾਲੇ ਸਿੱਖ ਤੇ ਹਿੰਦੂ ਪਰਿਵਾਰਾਂ ’ਚ ਕਾਫੀ ਦਹਿਸ਼ਤ ਹੈ। ਇਨ੍ਹਾਂ 320 ਪਰਿਵਾਰਾਂ ’ਚੋਂ ਲਗਪਗ 50 ਹਿੰਦੂ ਤੇ 270 ਸਿੱਖ ਪਰਿਵਾਰ ਹਨ। ਇਹ ਸਾਰੇ ਪਰਿਵਾਰ ਕਾਬੁਲ ਦੇ ਗੁਰਦੁਆਰੇ ਵਿਚ ਸੁਰੱਖਿਅਤ ਹਨ। ਉਸ ਨੇ ਇਹ ਵੀ ਦੱਸਿਆ ਕਿ ਤਾਲਿਬਾਨੀਆਂ ਦੇ ਕੁਝ ਨੁਮਾਇੰਦੇ ਉਨ੍ਹਾਂ ਪਰਿਵਾਰਾਂ ਦੀ ਜਾਂਚ ਕਰਨ ਲਈ ਗੁਰਦੁਆਰੇ ਆਏ ਸਨ, ਜੋ ਪਨਾਹ ਲੈ ਰਹੇ ਸਨ। ਤਾਲਿਬਾਨ ਦੇ ਨੁਮਾਇੰਦਿਆਂ ਨੇ ਕਾਬੁਲ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਭਰੋਸਾ ਦਿਵਾਇਆ ਹੈ ਕਿ ਉੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਉਨ੍ਹਾਂ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਗਈ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਐੱਚ.ਐੱਸ. ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਫਗਾਨਿਸਤਾਨ ਦੇ ਸਿੱਖ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਕਰ ਸਕੀ ਹੈ। ਜੇ ਸਿੱਖ ਪਰਿਵਾਰ ਉਥੋਂ ਭਾਰਤ ਆਉਂਦੇ ਹਨ, ਤਾਂ ਐੱਸ.ਜੀ.ਪੀ.ਸੀ. ਨੇ ਉਨ੍ਹਾਂ ਦੇ ਰਹਿਣ ਲਈ ਆਪਣੇ ਅਦਾਰਿਆਂ ’ਚ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਾਲਿਬਾਨ ਦੇ ਨੁਮਾਇੰਦਿਆਂ ਨਾਲ ਗੱਲਬਾਤ ’ਚ ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਭਾਰਤ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤਾਲਿਬਾਨ ਇਜਾਜ਼ਤ ਦਿੰਦਾ ਹੈ, ਤਾਂ ਇਨ੍ਹਾਂ ਪਰਿਵਾਰਾਂ ਨੂੰ ਪਾਕਿਸਤਾਨ ਪਹੁੰਚਣਾ ਚਾਹੀਦਾ ਹੈ। ਉੱਥੇ ਹੀ ਦਿੱਲੀ ਅਕਾਲੀ ਦਲ ਦੀ ਤਰਫੋਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨਾਲ ਸੰਪਰਕ ਕਰਕੇ ਸਾਰਿਆਂ ਨੂੰ ਭਾਰਤ ਲਿਆਂਦਾ ਜਾਵੇਗਾ।

Share