ਸੂਰ ਦਾ ਦਿਲ ਲਗਵਾਉਣ ਵਾਲੇ ਅਮਰੀਕੀ ਨਾਗਰਿਕ ਦੀ ਹੋਈ ਮੌਤ

209
Share

-ਕਰੀਬ 2 ਮਹੀਨੇ ਪਹਿਲਾਂ ਹੀ ਲਗਵਾਇਆ ਸੀ ਸੂਰ ਦਾ ਦਿਲ
ਬਾਲਟੀਮੋਰ, 10 ਮਾਰਚ (ਪੰਜਾਬ ਮੇਲ)- ਕਰੀਬ 2 ਮਹੀਨੇ ਪਹਿਲਾਂ ਇਕ ਬੇਮਿਸਾਲ ਪ੍ਰਯੋਗ ਤਹਿਤ ਅਮਰੀਕਾ ਵਿਚ ਜਿਸ ਵਿਅਕਤੀ ਨੂੰ ਸੂਰ ਦਾ ਦਿਲ ਲਗਾਇਆ ਗਿਆ ਸੀ, ਉਸ ਦੀ ਮੌਤ ਹੋ ਗਈ ਹੈ। ਸਰਜਰੀ ਕਰਨ ਵਾਲੇ ਮੈਰੀਲੈਂਡ ਹਸਪਤਾਲ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਡੇਵਿਡ ਬੈਨੇਟ (57) ਦੀ ਮੰਗਲਵਾਰ ਨੂੰ ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸੈਂਟਰ ’ਚ ਮੌਤ ਹੋ ਗਈ।
ਡਾਕਟਰਾਂ ਨੇ ਉਸ ਦੀ ਮੌਤ ਦਾ ਕਾਰਨ ਤਾਂ ਨਹੀਂ ਦੱਸਿਆ ਹੈ ਪਰ ਕਿਹਾ ਕਿ ਕਈ ਦਿਨ ਪਹਿਲਾਂ ਉਸ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ। ਬੈਨੇਟ ਦੇ ਪੁੱਤਰ ਨੇ ਇਸ ਨਵੀਂ ਤਰ੍ਹਾਂ ਦੇ ਪ੍ਰਯੋਗ ਲਈ ਹਸਪਤਾਲ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਪਰਿਵਾਰ ਨੂੰ ਉਮੀਦ ਹੈ ਕਿ ਇਸ ਨਾਲ ਅੰਗਾਂ ਦੀ ਕਮੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ’ਚ ਮਦਦ ਮਿਲੇਗੀ। ਬੈਨੇਟ ਦੀ ਸਰਜਰੀ 7 ਜਨਵਰੀ ਨੂੰ ਹੋਈ ਸੀ, ਜਿਸ ਤੋਂ ਬਾਅਦ ਉਸ ਦੇ ਪੁੱਤਰ ਨੇ ਕਿਹਾ ਸੀ ਕਿ ਉਸ ਦੇ ਪਿਤਾ ਜਾਣਦੇ ਹਨ ਕਿ ਇਸ ਪ੍ਰਯੋਗ ਦੇ ਸਫ਼ਲ ਰਹਿਣ ਦੀ ਕੋਈ ਗਾਰੰਟੀ ਨਹੀਂ ਹੈ।
ਸ਼ੁਰੂ ’ਚ ਬੈਨੇਟ ਦੇ ਸਰੀਰ ਵਿਚ ਸੂਰ ਦਾ ਦਿਲ ਕੰਮ ਕਰ ਰਿਹਾ ਸੀ ਅਤੇ ਮੈਰੀਲੈਂਡ ਹਸਪਤਾਲ ਨੇ ਸਮੇਂ-ਸਮੇਂ ’ਤੇ ਤਾਜ਼ਾ ਜਾਣਕਾਰੀ ਦਿੱਤੀ ਕਿ ਬੈਨੇਟ ਹੌਲੀ-ਹੌਲੀ ਸਿਹਤਮੰਦ ਹੋ ਰਹੇ ਹਨ। ਪਿਛਲੇ ਮਹੀਨੇ ਹਸਪਤਾਲ ਨੇ ਉਨ੍ਹਾਂ ਦੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਉਹ ਆਪਣੇ ਫਿਜ਼ੀਕਲ ਥੈਰੇਪਿਸਟ ਨਾਲ ਕੰਮ ਕਰਦੇ ਹੋਏ ਹਸਪਤਾਲ ਦੇ ਬਿਸਤਰੇ ਤੋਂ ਫੁੱਟਬਾਲ ਦਾ ਮੈਚ ਦੇਖ ਰਹੇ ਸਨ।

Share