ਸੂਬੇ ’ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ, ਆੜ੍ਹਤੀ ਹੜਤਾਲ ’ਤੇ

109
Share

 ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)-  ਸੂਬੇ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ਨੀਵਾਰ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਪਹਿਲੇ ਦਿਨ ਹੀ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੇ ਆਹਮੋ-ਸਾਹਮਣੇ ਹੋਣ ਦੇ ਆਸਾਰ ਬਣ ਗਏ ਹਨ। ਆੜ੍ਹਤੀਆਂ ਨੇ ਕਣਕ ਖ਼ਰੀਦ ਦੇ ਪ੍ਰਬੰਧਾਂ ਵਿਚ ਹਿੱਸਾ ਲੈਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ੁੱਕਰਵਾਰ ਨੂੰ ਆੜ੍ਹਤੀਆਂ ਨੂੰ ਨਹੀਂ ਮਨਾ ਸਕੇ। ਯਾਦ ਰਹੇ ਕਿ ਹਰ ਸਾਲ ਪਹਿਲੀ ਅਪ੍ਰੈਲ ਤੋਂ ਕਣਕ ਦਾ ਖ਼ਰੀਦ ਸੀਜ਼ਨ ਸ਼ੁਰੂ ਹੁੰਦਾ ਹੈ, ਪਰ ਕੋਰੋਨਾ ਸੰਕਟ ਕਾਰਨ ਸਰਕਾਰ ਇਸ ਵਾਰ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕਰ ਰਹੀ ਹੈ ਅਤੇ 130 ਲੱਖ ਮੀਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਰੱਖਿਆ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦਾ ਫ਼ੈਸਲਾ ਆੜ੍ਹਤੀਆਂ ਨੂੰ ਰਾਸ ਨਹੀਂ ਆ ਰਿਹਾ। ਆੜ੍ਹਤੀ ਐਸੋਸੀਏਸ਼ਨ (ਚੀਮਾ ਗਰੁੱਪ) ਨੇ ਸ਼ਨੀਵਾਰ ਨੂੰ ਹਡ਼ਤਾਲ ਕਰਨ ਦਾ ਫ਼ੈਸਲਾ ਲਿਆ ਹੈ ਜਦਕਿ ਫੈਡਰੇਸ਼ਨ ਆਫ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਉਹ ਬਾਕੀਆਂ ਨਾਲ ਗੱਲਬਾਤ ਕਰ ਕੇ ਅਗਲਾ ਫ਼ੈਸਲਾ ਲੈਣਗੇ। ਕਾਲੜਾ ਗਰੁੱਪ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਵਿਚ ਹੰਗਾਮੀ ਮੀਟਿੰਗ ਬੁਲਾ ਲਈ ਹੈ। ਜ਼ਿਲ੍ਹਿਆਂ ਦੇ ਸਮੂਹ ਆੜ੍ਹਤੀਆਂ ਨੇ ਸਰਕਾਰੀ ਬੋਲੀ ਵਿਚ ਹਿੱਸਾ ਨਾ ਲੈਣ, ਕਣਕ ਦੀ ਸਫ਼ਾਈ, ਸੁਕਾਉਣ, ਤੁਲਾਈ ਆਦਿ ਦੇ ਸਮੁੱਚੇ ਕੰਮ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਆੜ੍ਹਤੀਆਂ ਦੇ ਖ਼ਰੀਦ ਪ੍ਰਬੰਧਾਂ ਵਿਚ ਹਿੱਸਾ ਨਾ ਲੈਣ ’ਤੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਗੁਆਂਢੀ ਸੂਬੇ ਹਰਿਆਣਾ ਦੇ ਆੜ੍ਹਤੀ ਵੀ ਸਿੱਧੀ ਅਦਾਇਗੀ ਦੇ ਫ਼ੈਸਲੇ ਖ਼ਿਲਾਫ਼ ਹੜਤਾਲ ’ਤੇ ਹਨ। ਹਾਲਾਂਕਿ ਹਰਿਆਣਾ ਵਿਚ ਪਹਿਲੀ ਅਪ੍ਰੈਲ ਤੋਂ ਖ਼ਰੀਦ ਸ਼ਰੂ ਹੋ ਗਈ ਹੈ, ਪਰ ਅਜੇ ਤਕ ਖ਼ਰੀਦ ਵਿਚ ਤੇਜ਼ੀ ਨਹੀਂ ਆ ਸਕੀ। ਪੰਜਾਬ ਵਿਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਹੈ। ਸ਼ਨੀਵਾਰ ਨੂੰ ਪਹਿਲੇ ਦਿਨ ਹੀ ਅੱਠ ਲੱਖ ਟਨ ਕਣਕ ਦੇ ਮੰਡੀਆਂ ਵਿਚ ਪੁੱਜਣ ਦਾ ਅਨੁਮਾਨ ਹੈ। ਆੜ੍ਹਤੀਆਂ ਦੇ ਹੜਤਾਲ ’ਤੇ ਹੋਣ ਕਾਰਨ ਸਰਕਾਰੀ ਖ਼ਰੀਦ ਏਜੰਸੀਆਂ ਮੰਡੀਆਂ ਵਿਚ ਪੁੱਜੀ ਕਣਕ ਨੂੰ ਕਿਵੇਂ ਸੰਭਾਲੇਗੀ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੀਊਸ਼ ਗੋਇਲ ਨੇ ਵੀਰਵਾਰ ਨੂੰ ਹੀ ਪੰਜਾਬ ਸਰਕਾਰ ਨੂੰ ਸਿੱਧੀ ਅਦਾਇਗੀ ਨਾ ਕਰਨ ਅਤੇ ਕਣਕ ਦੀ ਖ਼ਰੀਦ ਨਾ ਕਰਨ ’ਤੇ ਚਿਤਾਵਨੀ ਦੇ ਦਿੱਤੀ ਹੈ। ਇਸਨੂੰ ਲੈ ਕੇ ਪੰਜਾਬ ਸਰਕਾਰ ਦੁਚਿੱਤੀ ਵਿਚ ਫਸੀ ਹੋਈ ਹੈ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ। ਕੋਵਿਡ ਸਬੰਧੀ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ 5600 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 10 ਹਜ਼ਾਰ ਮਾਸਕ (ਐੱਨ-95) ਅਤੇ ਸੈਨੀਟਾਈਜ਼ਰਾਂ ਦੀਆਂ 10 ਹਜ਼ਾਰ ਬੋਤਲਾਂ ਮੁਹੱਈਆ ਕਰਵਾਈਆਂ ਹਨ। 154 ਮਾਰਕੀਟ ਕਮੇਟੀਆਂ (ਅਨਾਜ ਮੰਡੀਆਂ) ਵਿਚ ਆਉਣ ਵਾਲੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀਆਂ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਗਈ ਹੈ ਅਤੇ ਇਸ ਸੀਜ਼ਨ ਦੌਰਾਨ 130 ਲੱਖ ਮੀਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ। ਉੱਧਰ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਮਸ਼ੀਨੀ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਸਾਰੀਆਂ ਮਸ਼ੀਨਾਂ ਨੂੰ ਦਾਖ਼ਲੇ ਸਮੇਂ ਅਤੇ ਨਿਯਮਤ ਅੰਤਰਾਲਾਂ ’ਤੇ ਸੈਨੇਟਾਈਜ਼ ਕੀਤਾ ਜਾਣਾ ਚਾਹੀਦਾ ਹੈ। ਵਾਢੀ ਦੇ ਕਾਰਜਾਂ ਵਿਚ ਲੱਗੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣ ਦੇ ਨਾਲ-ਨਾਲ ਹੱਥ ਧੋਣੇ ਯਕੀਨੀ ਬਣਾਉਣੇ ਚਾਹੀਦੇ ਹਨ।


Share