ਸੂਬੇ ‘ਚ ਅਗਲੀ ਵਿਧਾਨ ਸਭਾ ਦੀ ਚੋਣ ਵੀ ਜ਼ਰੂਰ ਲੜਾਂਗਾ : ਕੈਪਟਨ

ਜਲੰਧਰ/ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਚਰਚਿਆਂ ‘ਤੇ ਰੋਕ ਲਾਉਂਦਿਆਂ ਸੋਮਵਾਰ ਐਲਾਨ ਕੀਤਾ ਕਿ ਉਹ ਸੂਬੇ ‘ਚ ਅਗਲੀ ਵਿਧਾਨ ਸਭਾ ਦੀ ਚੋਣ ਵੀ ਜ਼ਰੂਰ ਲੜਨਗੇ। ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜੇ ਵੀ ਜਵਾਨ ਹਨ। ਉਨ੍ਹਾਂ ਸਵਾਲ ਪੁੱਛਣ ਵਾਲਿਆਂ ਨੂੰ ਪੁੱਛਿਆ ਕਿ ਕੀ ਉਹ ਸਮਝਦੇ ਹਨ ਕਿ ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਅਗਲੀ ਚੋਣ ਨਹੀਂ ਲੜ ਸਕਦਾ?
ਪਾਰਟੀ ਦੇ ਇਕ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ‘ਚ ਮੌਜੂਦਾ ਸਮੇਂ ‘ਚ ਭੂਮਿਕਾ ਅਤੇ ਸਟੇਟਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਜੇ ਵੀ ਕਾਂਗਰਸ ਦਾ ਹਿੱਸਾ ਹਨ। ਮੇਰਾ ਸਿੱਧੂ ਨਾਲ ਕੋਈ ਨਿੱਜੀ ਮੁੱਦਾ ਨਹੀਂ ਹੈ। ਸਿੱਧੂ ਵੱਲੋਂ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ‘ਚ ਕਿਸੇ ਨਾਲ ਕਿਸੇ ਵੀ ਮੁੱਦੇ ‘ਤੇ ਗੱਲਬਾਤ ਕਰ ਸਕਦੇ ਹਨ। ਮੱਧ ਪ੍ਰਦੇਸ਼ ਦੇ ਘਟਨਾ ਚੱਕਰ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਟਿੱਪਣੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੀ ਕਰ ਸਕਦੀ ਹੈ। ਮੇਰਾ ਅਧਿਕਾਰ ਤਾਂ ਪੰਜਾਬ ਤੱਕ ਹੀ ਹੈ। ਉਨ੍ਹਾਂ ਦਿੱਲੀ ‘ਚ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਬਿਜਲੀ ਦੀ ਸਬਸਿਡੀ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਦਿੱਲੀ ਨਾਲੋਂ ਕਈ ਗੁਣਾ ਵੱਧ ਬਿਜਲੀ ‘ਤੇ ਸਬਸਿਡੀ ਕਿਸਾਨਾਂ, ਕਮਜ਼ੋਰ ਵਰਗ ਅਤੇ ਉਦਮੀਆਂ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਘਰੇਲੂ ਬਿਜਲੀ ਦੀਆਂ ਦਰਾਂ ਨੂੰ ਕਰਾਸ ਸਬਸਿਡੀ ਰਾਹੀਂ ਘੱਟ ਕੀਤਾ ਹੈ।