ਸੂਡਾਨ ’ਚ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ’ਚ 15 ਹਲਾਕ

554
ਸੂਡਾਨ ਦੇ ਖਰਤੂਮ ’ਚ ਫ਼ੌਜੀ ਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਲੋਕ।
Share

ਹਜ਼ਾਰਾਂ ਲੋਕ ਫੌਜੀ ਸ਼ਾਸਨ ਖਿਲਾਫ ਸੜਕਾਂ ’ਤੇ ਕਰ ਰਹੇ ਸਨ ਰੋਸ ਮੁਜ਼ਾਹਰਾ
ਖਰਤੂਮ (ਸੂਡਾਨ), 19 ਨਵੰਬਰ (ਪੰਜਾਬ ਮੇਲ)- ਸੂਡਾਨ ’ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ’ਚ ਘੱਟੋ-ਘੱਟੋ 15 ਜਣੇ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਡਾਕਟਰਾਂ ਵੱਲੋਂ ਦਿੱਤੀ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਹਜ਼ਾਰਾਂ ਲੋਕ ਦੇਸ਼ ਵਿਚ ਫ਼ੌਜੀ ਸ਼ਾਸਨ ਖ਼ਿਲਾਫ਼ ਸੜਕਾਂ ’ਤੇ ਰੋਸ ਮੁਜ਼ਾਹਰਾ ਕਰ ਰਹੇ ਸਨ। ਪ੍ਰਦਰਸ਼ਨਕਾਰੀ 25 ਅਕਤੂਬਰ ਦੇ ਤਖ਼ਤਾ ਪਲਟੇ ਖ਼ਿਲਾਫ਼ ਰਾਜਧਾਨੀ ਖਰਤੂਮ ਅਤੇ ਦੋ ਸ਼ਹਿਰਾਂ ਬਾਹਰੀ ਅਤੇ ਓਮਡਰਮਨ ਵਿਚ ਮਾਰਚ ਕਰਕੇ ਸੱਤਾ ਪੂਰੀ ਤਰ੍ਹਾਂ ਸਿਵਲ ਪ੍ਰਸ਼ਾਸਨ ਦੇ ਹਵਾਲੇ ਕਰਨ ਅਤੇ ਤਖ਼ਤਾ ਪਲਟਣ ਵਾਲੇ ਨੇਤਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਮੌਕੇ ’ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਉਕਤ ਤਿੰਨਾਂ ਸ਼ਹਿਰਾਂ ਵਿਚ ਇਕੱਠ ਹੋਣ ਤੋਂ ਰੋਕਣ ਲਈ ਗੋਲੀਬਾਰੀ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਸੁੱਟੇੇ। ਉਨ੍ਹਾਂ ਵੱਲੋਂ ਮੋਬਾਈਲ ਫੋਨ ਸੰਚਾਰ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਸਰਕਾਰੀ ਟੈਲੀਵਿਜ਼ਨ ਵੱਲੋਂ ਦੱਸਿਆ ਗਿਆ ਕਿ ਜ਼ਖ਼ਮੀਆਂ ਵਿਚ ਪ੍ਰਦਰਸ਼ਨਕਾਰੀ ਅਤੇ ਪੁਲਿਸ ਵਾਲੇ ਸ਼ਾਮਲ ਹਨ। ਸੂਡਾਨੀ ਡਾਕਟਰਾਂ ਦੀ ਕੇਂਦਰੀ ਕਮੇਟੀ (ਅੰਦੋਲਨ ਨਾਲ ਜੁੜਿਆ ਹੋਇਆ ਡਾਕਟਰਾਂ ਦਾ ਇੱਕ ਗਰੁੱਪ) ਨੇ ਦੱਸਿਆ ਕਿ ਰਾਜਧਾਨੀ ਵਿਚ ਵੱਖ-ਵੱਖ ਥਾਵਾਂ ’ਤੇ ਫ਼ੌਜੀ ਬਲਾਂ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ।

Share