ਸੁਸ਼ਾਂਤ ਸਿੰਘ ਰਾਜਪੂਤ ਕੇਸ : ਸੀਬੀਆਈ ਕਰੇਗੀ ਜਾਂਚ

609
Share

ਨਵੀਂ ਦਿੱਲੀ, 6 ਅਗਸਤ (ਪੰਜਾਬ ਮੇਲ)-  ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਰਿਆ ਚੱਕਰਵਰਤੀ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮੇਹਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੀਬੀਆਈ ਜਾਂਚ ਦੀ ਬਿਹਾਰ ਸਰਕਾਰ ਦੀ ਸਿਫ਼ਾਰਿਸ਼ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਪਟਨਾ ਵਿੱਚ ਦਰਜ ਕੇਸ ਨੂੰ ਮੁੰਬਈ ਤਬਦੀਲ ਕਰਨ ਲਈ ਅਦਾਕਾਰਾ ਰਿਆ ਚੱਕਰਵਰਤੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਸੁਣਵਾਈ ਹੋਈ। ਜੱਜ ਰਿਸ਼ਕੇਸ਼ ਰਾਏ ਦੇ ਬੈਂਚ ਨੇ ਕੇਸ ਨੂੰ ਟਰਾਂਸਫਰ ਕੀਤੇ ਜਾਣ ਦੀ ਮੰਗ ‘ਤੇ ਸਾਰੀਆਂ ਧਿਰਾਂ ਨੂੰ ਤਿੰਨ ਦਿਨ ਦੇ ਅੰਦਰ ਜਵਾਬ ਪੇਸ਼ ਕਰਨ ਲਈ ਕਿਹਾ ਹੈ। ਇੱਕ ਹਫ਼ਤੇ ਬਾਅਦ ਫਿਰ ਇਸ ਮਾਮਲੇ ਦੀ ਸੁਣਵਾਈ ਹੋਵੇਗੀ।
ਇਸ ਦੌਰਾਨ ਕੋਰਟ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁੰਬਈ ਪੁਲਿਸ ਦਾ ਪੇਸ਼ੇਵਰ ਅਕਸ ਚੰਗਾ ਹੋਣ ਦੇ ਬਾਵਜੂਦ ਉਸ ਵੱਲੋਂ ਬਿਹਾਰ ਪੁਲਿਸ ਅਧਿਕਾਰੀ ਨੂੰ ਕੁਆਰੰਟੀਨ ਕਰਨ ਨਾਲ ਚੰਗਾ ਸੁਨੇਹਾ ਨਹੀਂ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ ਪੱਖ ਰੱਖਦੇ ਹੋਏ ਸੁਪਰੀਮ ਕੋਰਟ ਨੂੰ ਕਿਹਾ ਕਿ ਇਸ ਕੇਸ ਵਿੱਚ ਐਫਆਈਆਰ ਦਰਜ ਕਰਨਾ ਅਤੇ ਜਾਂਚ ਬਿਹਾਰ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ। ਇਸ ਨੂੰ ਸਿਆਸੀ ਕੇਸ ਬਣਾ ਦਿੱਤਾ ਗਿਆ ਹੈ। ਉੱਥੇ ਸੁਸ਼ਾਂਤ ਦੇ ਪਿਤਾ ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਸਬੂਤਾਂ ਨੂੰ ਨਸ਼ਟ ਕਰ ਰਹੀ ਹੈ।
ਸੁਸ਼ਾਂਤ ਦੀ ਲਾਸ਼ ਮੁੰਬਈ ਦੇ ਉਪਨਗਰ ਬਾਂਦਰਾ ਵਿੱਚ 14 ਜੂਨ ਨੂੰ ਅਪਾਰਟਮੈਂਟ ਵਿੱਚ ਛੱਤ ਨਾਲ ਲਟਕੀ ਹੋਈ ਬਰਾਮਦ ਹੋਈ ਸੀ। ਮੁੰਬਈ ਪੁਲਿਸ ਤੋਂ ਬਿਨਾਂ ਬਿਹਾਰ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਸੁਸ਼ਾਂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਨੇ 25 ਜੁਲਾਈ ਨੂੰ ਰਿਆ ਚੱਕਰਵਰਤੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਛੇ ਹੋਰ ਲੋਕਾਂ ਵਿਰੁੱਧ ਪਟਨਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ•ਾਂ ਨੇ ਲਿਖਿਆ ਸੀ ਕਿ ਇਨ•ਾਂ ਸਾਰਿਆਂ ਨੇ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ।
ਰਿਆ ਨੇ ਕੇਸ ਨੂੰ ਪਟਨਾ ਤੋਂ ਮੁੰਬਈ ਤਬਦੀਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਲਾਈ ਸੀ। ਸੁਸ਼ਾਂਤ ਦੇ ਪਿਤਾ ਨੇ ਕੋਰਟ ਵਿੱਚ ਕੈਵੀਏਟ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ ਬਿਹਾਰ ਅਤੇ ਮਹਾਰਾਸ਼ਟਰ ਸਰਕਾਰ ਨੇ ਵੀ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਇਸ ਪਟੀਸ਼ਨ ‘ਤੇ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਉਨ•ਾਂ ਦਾ ਪੱਖ ਵੀ ਸੁਣਿਆ ਜਾਵੇ।
ਸੁਸ਼ਾਂਤ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਭਰਦੀ ਹੋਈ ਫਿਲਮ ਅਦਾਕਾਰਾ ਰਿਆ ਚੱਕਰਵਰਤੀ ਨੇ ਆਪਣਾ ਕਰੀਅਰ ਅੱਗੇ ਵਧਾਉਣ ਲਈ ਮਈ 2019 ਵਿੱਚ ਉਸ ਦੇ ਬੇਟੇ ਸੁਸ਼ਾਂਤ ਨਾਲ ਦੋਸਤੀ ਕੀਤੀ ਸੀ। ਜਦਕਿ ਸੁਪਰੀਮ ਕੋਰਟ ਵਿੱਚ ਆਪਣੀ ਪਟੀਸ਼ਨ ‘ਚ ਰਿਆ ਨੇ ਦੋਸ਼ ਲਾਇਆ ਕਿ ਸੁਸ਼ਾਂਤ ਦੇ ਪਿਤਾ ਨੇ ਬਿਹਾਰ ਦੇ ਪਟਨਾ ਵਿੱਚ ਉਸ ਵਿਰੁੱਧ ਐਫਆਈਆਰ ਦਰਜ ਕਰਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ।
ਰਿਆ ਨੇ ਕਿਹਾ ਕਿ ਉਹ ਅਤੇ ਸੁਸ਼ਾਂਤ ਲਿਵ-ਇਨ-ਰਿਲੇਸ਼ਨਸ਼ਿਪ ‘ਚ ਸਨ। ਸੁਸ਼ਾਂਤ ਦੀ ਮੌਤ ਤੇ ਖੁਦ ਉਸ ਨੂੰ ਕਤਲ ਤੇ ਬਲਾਤਕਾਰ ਦੀਆਂ ਧਮਕੀਆਂ ਮਿਲਣ ਬਾਅਦ ਉਹ ਡੂੰਘੇ ਸਦਮੇ ‘ਚ ਹੈ। ਉਸ ਨੇ ਪਟੀਸ਼ਨ ਵਿੱਚ ਕਿਹਾ ਕਿ ਉਹ ਅਤੇ ਸੁਸ਼ਾਂਤ 8 ਜੂਨ 2020 ਤੱਕ ਲਗਭਗ ਇੱਕ ਸਾਲ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ, ਉਸ ਤੋਂ ਬਾਅਦ ਰਿਆ ਮੁੰਬਈ ਵਿੱਚ ਆਪਣੇ ਘਰ ਅਸਥਾਈ ਤੌਰ ‘ਤੇ ਚਲੀ ਗਈ ਸੀ। ਰਿਆ ਚੱਕਰਵਰਤੀ ਨੇ ਕਿਹਾ ਕਿ ਸੁਸ਼ਾਂਤ ਕੁਝ ਸਮੇਂ ਤੋਂ ਤਣਾਅ ਵਿੱਚ ਸੀ। ਇਸ ਦੇ ਲਈ ਦਵਾਈ ਵੀ ਲੈ ਰਿਹਾ ਸੀ ਅਤੇ 14 ਜੂਨ 2020 ਦੀ ਸਵੇਰ ਉਸ ਨੇ ਬਾਂਦਰਾ ਸਥਿਤ ਘਰ ‘ਤੇ ਖੁਦਕੁਸ਼ੀ ਕਰ ਲਈ। ਉਸ ਨੇ ਕਿਹਾ ਕਿ ਜਦੋਂ ਘਟਨਾ ਪਟਨਾ ਵਿੱਚ ਨਹੀਂ ਹੋਈ ਤਾਂ ਉੱਥੇ ਜਾਂਚ ਸ਼ੁਰੂ ਕਰਨਾ ਗ਼ਲਤ ਹੈ।


Share