ਸੁਰੱਖਿਆ ਮੁਲਾਜ਼ਮਾਂ ਦੀ ਕੁਤਾਹੀ ਕਾਰਨ ਲੱਗੀਆਂ ਮਮਤਾ ਨੂੰ ਸੱਟਾਂ: ਚੋਣ ਕਮਿਸ਼ਨ

384
Share

-ਐੱਸ.ਪੀ. ਤੇ ਸੁੁਰੱਖਿਆ ਡਾਇਰੈਕਟਰ ਮੁਅੱਤਲ; ਜ਼ਿਲ੍ਹਾ ਮੈਜਿਸਟਰੇਟ ਨੂੰ ਅਹੁਦੇ ਤੋਂ ਹਟਾਇਆ
ਨਵੀਂ ਦਿੱਲੀ/ਕੋਲਕਾਤਾ, 14 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਹੜੀਆਂ ਸੱਟਾਂ ਲੱਗੀਆਂ ਹਨ ਉਹ ਹਮਲੇ ਕਾਰਨ ਨਹੀਂ ਆਈਆਂ। ਚੋਣ ਕਮਿਸ਼ਨ ਨੇ ਇਹ ਸਿੱਟਾ ਆਪਣੇ ਆਬਜ਼ਰਵਰਾਂ ਤੇ ਰਾਜ ਸਰਕਾਰ ਦੀ ਰਿਪੋਰਟ ਦੇ ਅਧਾਰ ’ਤੇ ਕੱਢਿਆ ਹੈ। ਕਮਿਸ਼ਨ ਮੁਤਾਬਕ ਸੱਟਾਂ ਦਾ ਮੁੱਖ ਕਾਰਨ ਮਮਤਾ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀਆਂ ਕੁਤਾਹੀਆਂ ਹਨ। ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੇ ਨੰਦੀਗ੍ਰਾਮ ’ਚ ਜ਼ਖ਼ਮੀ ਹੋਣ ਦੇ ਮਾਮਲੇ ’ਚ ਪੁਰਬਾ ਮੇਦਿਨੀਪੁਰ ਦੇ ਪੁਲੀਸ ਕਪਤਾਨ ਪ੍ਰਵੀਨ ਪ੍ਰਕਾਸ਼ ਅਤੇ ਡਾਇਰੈਕਟਰ ਸਿਕਿਉਰਿਟੀ ਵਿਵੇਕ ਸਹਾਏ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵਿਭੂ ਗੋਇਲ ਅਹੁਦੇ ਤੋਂ ਹਟਾ ਕੇ ਗ਼ੈਰ-ਚੁਣਾਵੀ ਅਹੁਦੇ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਫ਼ੈਸਲਾ 10 ਮਾਰਚ ਨੂੰ ਵਾਪਰੀ ਘਟਨਾ ਸਬੰਧੀ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਵੱਲੋਂ ਦਾਖਲ ਰਿਪੋਰਟ ਤੋਂ ਇਲਾਵਾ ਵਿਸ਼ੇਸ਼ ਜਨਰਲ ਨਿਗਰਾਨ ਅਜੈ ਨਾਇਕ ਅਤੇ ਵਿਵੇਕ ਦੂਬੇ ਵੱਲੋਂ ਦਾਖ਼ਲ ਸਾਂਝੀ ਰਿਪੋਰਟ ਦੇ ਆਧਾਰ ’ਤੇ ਲਿਆ ਗਿਆ ਹੈ। ਵਿਵੇਕ ਸਹਾਏ ਖ਼ਿਲਾਫ਼ ਇੱਕ ਹਫ਼ਤੇ ’ਚ ਦੋਸ਼ ਹੋਣਗੇ। ਵਿਭੂ ਗੋਇਲ ਦੀ ਜਗ੍ਹਾ ’ਤੇ ਪੁਰਬਾ ਮੇਦਿਨੀਪੁਰ ’ਚ ਸਮਿਤਾ ਪਾਂਡੇ ਨੂੰ ਜ਼ਿਲ੍ਹਾ ਮੈਜਿਸਟਰੇਟ ਅਤੇ ਡੀਈਓ ਤੈਨਾਤ ਕੀਤਾ ਗਿਆ ਹੈ। ਜਦਕਿ ਸੁਨੀਲ ਕੁਮਾਰ ਨੂੰ ਨਵਾਂ ਐੱਸਪੀ ਲਾਇਆ ਗਿਆ ਹੈ।

Share