ਸੁਰੱਖਿਆ ਗਾਰੰਟੀ ਮਿਲਣ ’ਤੇ ਨਾਟੋ ਮੈਂਬਰਸ਼ਿਪ ’ਤੇ ਚਰਚਾ ਕਰਨ ਲਈ ਤਿਆਰ: ਜ਼ੇਲੇਂਸਕੀ

209
Share

ਕੀਵ, 23 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਉਹ ਜੰਗਬੰਦੀ, ਰੂਸੀ ਫ਼ੌਜਾਂ ਦੀ ਵਾਪਸੀ ਅਤੇ ਯੂਕਰੇਨ ਦੀ ਸੁਰੱਖਿਆ ਦੀ ਗਾਰੰਟੀ ਦੇ ਬਦਲੇ ’ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਮੈਂਬਰਸ਼ਿਪ ਨਾ ਲੈਣ ਦੇ ਵਿਸ਼ੇ ’ਤੇ ਚਰਚਾ ਕਰਨ ਨੂੰ ਤਿਆਰ ਹਨ।
ਜ਼ੇਲੇਂਸਕੀ ਨੇ ਇਕ ਯੂਕਰੇਨੀ ਟੈਲੀਵਿਜ਼ਨ ਇੰਟਰਵਿਊ ’ਚ ਕਿਹਾ, ‘ਇਹ ਸਾਰਿਆਂ ਲਈ ਇਕ ਸਮਝੌਤਾ ਹੈ। ਪੱਛਮ ਲਈ, ਜੋ ਨਹੀਂ ਜਾਣਦਾ ਕਿ ਨਾਟੋ ਦੇ ਸਬੰਧ ਵਿਚ ਸਾਡੇ ਨਾਲ ਕੀ ਕਰਨਾ ਹੈ। ਯੂਕਰੇਨ ਲਈ, ਜੋ ਸੁਰੱਖਿਆ ਗਾਰੰਟੀ ਚਾਹੁੰਦਾ ਹੈ ਅਤੇ ਰੂਸ ਲਈ ਵੀ, ਜੋ ਨਾਟੋ ਦਾ ਵਿਸਥਾਰ ਨਹੀਂ ਚਾਹੁੰਦਾ ਹੈ।’
ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਲਈ ਆਪਣੇ ਸੱਦੇ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪੁਤਿਨ ਨੂੰ ਨਹੀਂ ਮਿਲਦੇ, ਉਦੋਂ ਤੱਕ ਇਹ ਸਮਝਣਾ ਅਸੰਭਵ ਹੈ ਕਿ ਕੀ ਰੂਸ ਵੀ ਜੰਗ ਨੂੰ ਰੋਕਣਾ ਚਾਹੁੰਦਾ ਹੈ ਜਾਂ ਨਹੀਂ। ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਜੰਗਬੰਦੀ ਅਤੇ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਕਦਮ ਚੁੱਕੇ ਜਾਣ ਤੋਂ ਬਾਅਦ ਹੀ ਰੂਸ ਸਮਰਥਿਤ ਵੱਖਵਾਦੀਆਂ ਦੇ ਕਬਜ਼ੇ ਵਾਲੇ ਕ੍ਰੀਮੀਆ ਅਤੇ ਪੂਰਬੀ ਡੋਨਬਾਸ ਖੇਤਰ ਦੀ ਸਥਿਤੀ ’ਤੇ ਚਰਚਾ ਕਰਨ ਲਈ ਤਿਆਰ ਹੋਵੇਗਾ।

Share