ਸੁਰਿੰਦਰ ਸਿੰਘ ਨਿੱਝਰ ਐੱਨ.ਆਰ.ਆਈ. ਸਭਾ ਅਮਰੀਕਾ ਦੇ ਪ੍ਰਧਾਨ ਨਿਯੁਕਤ

228
Share

ਫਰਿਜ਼ਨੋ, 2 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਮਡੇਰਾ, ਫਰਿਜ਼ਨੋ ਦੇ ਨਾਮੀ ਟਰਾਂਸਪੋਰਟਰ ਤੇ ਜ਼ਿਮੀਂਦਾਰ ਗੁਰਸਿੱਖ ਸ. ਸੁਰਿੰਦਰ ਸਿੰਘ ਨਿੱਝਰ (ਛਿੰਦਾ ਨਿੱਝਰ) ਨੂੰ, ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਸੰਸਥਾ, ਪੰਜਾਬੀ ਪ੍ਰਵਾਸੀ ਭਾਰਤੀ ਸਭਾ (ਐੱਨ.ਆਰ.ਆਈ. ਸਭਾ) ਵੱਲੋਂ ਪੱਛਮੀ ਅਮਰੀਕਾ ’ਚ ਪੰਜਾਬੀ ਪ੍ਰਵਾਸੀ ਭਾਰਤੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਐੱਨ.ਆਰ.ਆਈ. ਸਭਾ ਦੇ ਚੁਣੇ ਹੋਏ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਉਨ੍ਹਾਂ ਨੂੰ ਐੱਨ.ਆਰ.ਆਈ. ਸਭਾ ਪ੍ਰਵਾਸੀ ਭਾਰਤੀ ਯੂਨਿਟ, ਪੱਛਮੀ ਅਮਰੀਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸ. ਸੁਰਿੰਦਰ ਸਿੰਘ ਨਿੱਝਰ ਨੇ ਪੰਜਾਬ ਮੇਲ ਯੂ.ਐੱਸ.ਏ. ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਪਾਲ ਸਹੋਤਾ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਦਾ ਤਨਦੇਹੀ ਤੇ ਇਨਸਾਨੀਅਤ ਨਾਲ ਨਿਭਾਉਣ ਲਈ ਤੱਤਪਰ ਰਹਿਣਗੇ। ਉਨ੍ਹਾਂ ਬੜੇ ਦਿ੍ਰੜ੍ਹ ਇਰਾਦੇ ਨਾਲ ਕਿਹਾ ਕਿ ਉਹ ਅਮਰੀਕਾ ਵਸਦੇ ਪੰਜਾਬੀ ਪਰਿਵਾਰਾਂ ਦੇ ਮਸਲੇ ਤੇ ਸਮੱਸਿਆਵਾਂ ਹੱਲ ਕਰਵਾਉਣ ਲਈ ਹਰ ਸੰਭਵ ਤੇ ਅਨੁਕੂਲ ਯਤਨ ਕਰਦੇ ਰਹਿਣਗੇ। ਇਕ ਪੂਰਨ ਗੁਰਸਿੱਖ ਵਜੋਂ ਉਨ੍ਹਾਂ ਅਤੀ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ ਕੋਟਿ ਧੰਨਵਾਦ ਵੀ ਕੀਤਾ ਹੈ, ਜਿਨ੍ਹਾਂ ਨੇ ਆਪਣੇ ਨਿਮਾਣੇ ਸੇਵਕ ਤੋਂ ਇਹ ਸੇਵਾ ਲਈ ਹੈ।
ਸੁਰਿੰਦਰ ਸਿੰਘ ਨਿੱਝਰ ਤੇ ਪਰਿਵਾਰਕ ਟੀਮ ਨੇ ‘ਟਰਾਂਸਕਰੌਪ ਟਰੱਕ ਕੰਪਨੀ ਮਡੇਰਾ’ ਵਿਖੇ ਆਪਣੀਆਂ ਨਿਮਰ ਸੇਵਾਵਾਂ ਨਾਲ ਸੈਂਕੜੇ ਪੰਜਾਬੀ, ਭਾਰਤੀਆਂ, ਮੈਕਸੀਕਨ ਤੇ ਅਮਰੀਕਨ ਮਰਦ-ਔਰਤਾਂ ਨੂੰ ‘ਕਲਾਸ ਵੰਨ ਟਰੱਕ ਓਪਰੇਟਰ’ ਦਾ ਸਫਲ ਕਿੱਤਾ ਅਪਣਾਉਣ ਵਿਚ ਇਕ ਪਰਿਵਾਰਕ ਆਗੂ ਵਾਂਗ ਪੂਰੀ ਮਦਦ ਕੀਤੀ ਹੈ। ਸੁਰਿੰਦਰ ਸਿੰਘ ਨਿੱਝਰ ਸਫਲ ਕਾਰੋਬਾਰੀ ਹੋਣ ਦੇ ਨਾਲ-ਨਾਲ ਅਮਰੀਕਨ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਉਚੇਚਾ ਪ੍ਰੇਰਿਤ ਕਰਦੇ ਹਨ। ਅਮਰੀਕਾ ’ਚ ਉਹ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦੇ ਜਰਨਲ ਸਕੱਤਰ ਵਜੋਂ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ ਅਤੇ ਆਪਣੇ ਕਾਰੋਬਾਰੀ ਪੰਜਾਬੀ ਸਾਥੀਆਂ ਨਾਲ ਮਿਲ ਕੇ ਕਬੱਡੀ ਦੇ ਅੰਤਰਰਾਸ਼ਟਰੀ ਮੇਲੇ ਵੀ ਲਾਉਦੇ ਹਨ।

Share