ਸੁਪਰੀਮ ਕੋਰਟ ਵੱਲੋਂ ਕੋਵਿਡ-19 ਦੇ ਇਲਾਜ ਸੰਬੰਧੀ ਪਟੀਸ਼ਨ ‘ਚ ਦਖ਼ਲ ਤੋਂ ਇਨਕਾਰ

672
Share

ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਕੋਵਿਡ-19 ਦੀ ਲਾਗ ਨਾਲ ਪੀੜਤ ਗੰਭੀਰ ਮਰੀਜ਼ਾਂ ਦੇ ਇਲਾਜ ਨਾਲ ਸਬੰਧਤ ਸੇਧਾਂ ‘ਚ ਫੇਰਬਦਲ ਦੀ ਮੰਗ ਕਰਦੀ ਪਟੀਸ਼ਨ ‘ਤੇ ਕੋਈ ਹਦਾਇਤਾਂ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਉਹ ਇਲਾਜ ਦੇ ਅਮਲ ਵਿੱਚ ਦਖ਼ਲ ਨਹੀਂ ਦੇਵੇਗੀ ਕਿਉਂਕਿ ਇਸ ਵਿਸ਼ੇ ਦੀ ਮਾਹਿਰ ਨਹੀਂ ਹੈ। ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਇਸ ਵੇਲੇ ਐਂਟੀ-ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕੁਇਨ (ਐੱਚਸੀਕਿਊ) ਤੇ ਐਂਟੀਬਾਇਟਿਕ ਐਜ਼ੀਥ੍ਰੋਮਾਇਸਿਨ (ਏਜ਼ੈੱਡਐੱਮ) ਦੇ ਸੁਮੇਲ ਵਾਲੀ ਡੋਜ਼ ਦਿੱਤੀ ਜਾ ਰਹੀ ਹੈ। ਜਸਟਿਸ ਐੱਨ.ਵੀ.ਰਾਮੰਨਾ, ਸੰਜੈ ਕਿਸ਼ਨ ਕੌਲ ਤੇ ਬੀ.ਆਰ. ਗਵਈ ਦੀ ਸ਼ਮੂਲੀਅਤ ਵਾਲਾ ਬੈਂਚ ਐੱਨਜੀਓ ‘ਪੀਪਲ ਫਾਰ ਬੈਟਰ ਟਰੀਟਮੈਂਟ’ (ਪੀਬੀਟੀ) ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕਿਹਾ ਐੱਨਜੀਓ ਦੀ ਪਟੀਸ਼ਨ ਨੂੰ ਭਾਰਤੀ ਮੈਡੀਕਲ ਖੋਜ ਕੌਂਸਲ ਕੋਲ ਦਾਇਰ ਅਰਜ਼ੀ ਸਮਝਿਆ ਜਾਵੇ।
ਪਟੀਸ਼ਨਰ ਓਹਾਇਓ ਅਧਾਰਿਤ ਭਾਰਤੀ ਮੂਲ ਦੇ ਡਾਕਟਰ ਤੇ ਪੀਬੀਟੀ ਦੇ ਮੁਖੀ ਕੁਨਾਲ ਸਾਹਾ ਨੇ ਕਿਹਾ ਕਿ ਉਨ੍ਹਾਂ ਪਟੀਸ਼ਨ ਵਿੱਚ ਕੋਵਿਡ-19 ਲਈ ਨਿਰਧਾਰਿਤ ਟਰੀਟਮੈਂਟ ਲਾਈਨ (ਇਲਾਜ ਲਈ ਨਿਰਧਾਰਿਤ ਮਾਪਦੰਡਾਂ) ਨੂੰ ਨਹੀਂ ਬਲਕਿ ਐੱਚਸੀਕਿਊ ਤੇ ਏਜ਼ੈੱਡਐੱਮ ਦੇ ਸੁਮੇਲ ਨਾਲ ਬਣੀ ਡੋਜ਼ ਵਰਤਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਦੇ ਸਾਈਡ ਇਫੈਕਟਸ ਵੀ ਹਨ ਤੇ ਲੋਕਾਂ ਨੂੰ ਇਸ ਕਰਕੇ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ।


Share