ਸੁਪਰੀਮ ਕੋਰਟ ’ਚ ਪੈਗਾਸਸ ਮਾਮਲੇ ’ਤੇ ਨਵੀਂ ਪਟੀਸ਼ਨ ਦਾਇਰ

144
Share

-ਨਵੀਂ ਪਟੀਸ਼ਨ ’ਚ ਸੌਦੇ ’ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਐੱਫ਼.ਆਈ.ਆਰ. ਦੀ ਮੰਗ
ਨਵੀਂ ਦਿੱਲੀ, 31 ਜਨਵਰੀ (ਪੰਜਾਬ ਮੇਲ)-ਪੈਗਾਸਸ ਮਾਮਲਾ ਇਕ ਵਾਰ ਫਿਰ ਅਦਾਲਤ ਪਹੁੰਚ ਗਿਆ ਹੈ। ਸੁਪਰੀਮ ਕੋਰਟ ’ਚ ਪੈਗਾਸਸ ਨੂੰ ਲੈ ਕੇ ਦਾਇਰ ਕੀਤੀ ਇਕ ਨਵੀਂ ਪਟੀਸ਼ਨ ’ਚ ਪੈਗਾਸਸ ਸੌਦੇ ’ਚ ਸ਼ਾਮਲ ਲੋਕਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ’ਚ ਮੂਲ ਪੈਗਾਸਸ ਮਾਮਲੇ ’ਚ ਮੁੱਖ ਪਟੀਸ਼ਨਕਰਤਾ ਰਹੇ ਵਕੀਲ ਐੱਮ.ਐੱਲ. ਸ਼ਰਮਾ ਨੇ ਹੀ ਸੁਪਰੀਮ ਕੋਰਟ ’ਚ ਨਵੀਂ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਨੋਟਿਸ ਲੈਣ ਅਤੇ ਉਨ੍ਹਾਂ ਸਭ ਦੇ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਵਾਉਣ ਦੀ ਅਪੀਲ ਕੀਤੀ ਹੈ, ਜੋ ਇਜ਼ਰਾਈਲ ਦੇ ਨਾਲ ਸੌਦੇ ’ਚ ਸ਼ਾਮਿਲ ਸਨ। ਇਸ ਦੇ ਨਾਲ ਹੀ ਪਟੀਸ਼ਨ ’ਚ ਭਾਰਤ-ਇਜ਼ਰਾਈਲ ਦਰਮਿਆਨ ਹੋਏ ਸੌਦੇ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨਿਊਯਾਰਕ ਟਾਈਮਜ਼ ਨੇ ਤਕਰੀਬਨ ਇਕ ਸਾਲ ਚੱਲੀ ਪੜਤਾਲ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲ ਸਰਕਾਰ ਨੇ ਭਾਰਤ ਨੂੰ ਪੈਗਾਸਸ ਸਾਫ਼ਟਵੇਅਰ ਵੇਚਿਆ ਹੈ। ਸ਼ਰਮਾ ਨੇ ਪਟੀਸ਼ਨ ’ਚ ਇਸੇ ਰਿਪੋਰਟ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੈਗਾਸਸ ਨਾਲ ਸੰਬੰਧਿਤ ਵੱਖ-ਵੱਖ ਪਟੀਸ਼ਨਾਂ ਲਈ, ਮਾਮਲੇ ਦੀ ਪੜਤਾਲ ਲਈ 3 ਮੈਂਬਰੀ ਟੀਮ ਦਾ ਗਠਨ ਕੀਤਾ ਸੀ।

Share