ਪੁਲਿਸ ਮੁਲਾਜ਼ਮ ਨੇ ਉਤਾਰੀ ਕਿਸਾਨ ਦੀ ਪੱਗ, ਹੋਇਆ ਹੰਗਾਮਾ
ਡੇਹਲੋਂ, 14 ਨਵੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ) – ਅੱਜ ਪਿੰਡ ਸਰੀਂਹ ਦੇ ਇਕ ਪੈਲਸ ‘ਚ ਰਾਜਨੀਤਿਕ ਸਮਾਗਮ ਵਿੱਚ ਸਾਮਲ ਹੋਣ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਨ ਗਏ ਸੰਯੁਕਤ ਕਿਸਾਨ ਮੋਰਚੇ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਇਲਾਕੇ ਦੇ ਲੋਕਾਂ ਨੂੰ ਸਃ ਬਾਦਲ ਨਾਲ ਮਿਲਾਉਣ ਦੀ ਥਾਂ ਪੁਲਿਸ ਪ੍ਰਸ਼ਾਸਨ ਨੇ ਦੋ ਘੰਟੇ ਬੰਦੀ ਬਣਾ ਕੇ ਰੱਖਿਆ।
ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਪੱਕੇ ਮੋਰਚੇ ਤੋਂ ਜਰਨੈਲ ਕੌਰ, ਪਰਮਜੀਤ ਕੌਰ ਤੇ ਸਰਬਜੀਤ ਕੌਰ ਦੀ ਅਗਵਾਈ ਵਿੱਚ ਸਰੀਂਹ ਵਿਖੇ ਪਹੁੰਚੇ ਕਿਸਾਨ ਆਗੂਆਂ ਤੇ ਇਲਾਕਾ ਨਿਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਘੇਰਾ ਬੰਦੀ ਕਰਕੇ ਦੋ ਘੰਟੇ ਤੱਕ ਜਬਰਨ ਰੋਕੀ ਰੱਖਿਆ।
ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਪ੍ਰੋਫੈਸਰ ਜੈਪਾਲ ਸਿੰਘ, ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਉਹ ਤਾਂ ਸਿਰਫ਼ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਸਵਾਲ ਕਰਨਾ ਚਾਹੁੰਦੇ ਸੀ। ਪ੍ਰਸ਼ਾਸਨ ਨੇ ਉਹਨਾਂ ਨੂੰ ਮਿਲਾਉਣ ਦੀ ਥਾਂ ਬੰਦੀ ਬਣਾ ਲਿਆ ਹੈ। ਉਹਨਾਂ ਕਿਹਾ ਕਿ ਸਃ ਬਾਦਲ ਕੋਲ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ। ਇਸ ਲਈ ਉਹ ਬਿਨਾ ਮਿਲੇ ਵਾਪਸ ਚਲੇ ਗਏ। ਇਸ ਮੌਕੇ ਤੇ ਕਿਰਤੀ ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਇਥੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਃ ਬਾਦਲ ਜਾਣ ਲੱਗੇ ਤਾਂ ਨਾਹਰੇ ਮਾਰ ਰਹੇ ਕਿਸਾਨਾਂ ਵਿੱਚੋਂ ਇਕ ਕਿਸਾਨ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਪੱਗ ਪੁਲਿਸ ਮੁਲਾਜ਼ਮ ਨੇ ਜਾਣਬੁੱਝ ਕੇ ਉਤਾਰ ਦਿੱਤੀ। ਜਿਸ ਤੇ ਭੜਕੇ ਹੋਏ ਕਿਸਾਨਾਂ ਵੱਲੋਂ ਲੁਧਿਆਣਾ ਮਾਲੇਰਕੋਟਲਾ ਸੜਕ ਤੇ ਜਾਮ ਲੱਗਾ ਦਿੱਤਾ। ਬਾਅਦ ਵਿੱਚ ਉੱਚ ਅਧਿਕਾਰੀਆਂ ਵੱਲੋਂ ਦੋਸ਼ੀ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੇ ਭਰੋਸੇ ਤੇ ਉਹਨਾਂ ਜਾਮ ਨੂੰ ਖੋਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਦੌਰੇ ਤੇ ਕਿਸਾਨ ਦੀ ਪੱਗ ਦਾ ਅਪਮਾਨ ਬੇਹੱਦ ਨਿੰਦਣ ਯੋਗ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਕੁਲਜੀਤ ਕੌਰ ਗਰੇਵਾਲ਼, ਅਮਨਦੀਪ ਕੌਰ, ਗੁਰਮੀਤ ਕੌਰ, ਹਰਵਿੰਦਰ ਕੌਰ, ਸੁਖਵਿੰਦਰ ਕੌਰ, ਦਵਿੰਦਰ ਕੌਰ, ਮੋਨਿਕਾ ਢਿੱਲ਼ੋ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬਲਦੇਵ ਸਿੰਘ ਧੂਰਕੋਟ, ਰਾਜਵੀਰ ਸਿੰਘ, ਗੁਰਜੀਤ ਸਿੰਘ ਪੰਮੀ, ਭਜਨ ਸਿੰਘ, ਮੋਹਣਜੀਤ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ ਗਰੇਵਾਲ਼, ਮਲਕੀਤ ਸਿੰਘ, ਹਰਜੀਤ ਸਿੰਘ, ਬਿਕਰ ਸਿੰਘ, ਗੁਲਜ਼ਾਰ ਸਿੰਘ, ਬਲਜੀਤ ਸਿੰਘ, ਕਰਨੈਲ ਸਿੰਘ, ਨੱਛਤਰ ਸਿੰਘ, ਸਿੰਕਦਰ ਸਿੰਘ ਹਿਮਾਯੂਪੁਰ, ਜਸਮੇਲ ਸਿੰਘ, ਹਨੀ ਹਿਮਾਯੂਪੁਰ, ਚਮਕੌਰ ਸਿੰਘ ਛਪਾਰ, ਦਰਸਣ ਸਿੰਘ, ਸੁਰਜੀਤ ਸਿੰਘ, ਆਦਿ ਹਾਜਰ ਸਨ।