ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਸਿੱਧਵਾਂ ਵਲੋਂ ਅਸਤੀਫ਼ਾ

615

ਲੁਧਿਆਣਾ, 23 ਸੰਤਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਨੇ ਸੁਖਬੀਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ. ਸਿੱਧਵਾਂ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਉਨ੍ਹਾਂ ਦਾ ਪਾਰਟੀ ਤੇ ਪਾਰਟੀ ਪ੍ਰਧਾਨ ਨਾਲ ਨਿੱਜੀ ਮੋਹ ਰਿਹਾ ਹੈ ਅਤੇ ਉਨ੍ਹਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਸ. ਸਿੱਧਵਾਂ ਨੇ ਦੋਸ਼ ਲਗਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ 100 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਨਾਮੋਸ਼ੀ ਝੱਲਣੀ ਪਈ ਹੈ ਅਤੇ ਅਕਾਲੀ ਦਲ 2017 ਦੀ ਵਿਧਾਨ ਸਭਾ ਚੋਣ ‘ਚ ਤੀਸਰੇ ਸਥਾਨ ‘ਤੇ ਰਿਹਾ ਹੈ। ਉਨ੍ਹਾਂ ਨੇ ਆਪਣੀ ਚਿੱਠੀ ‘ਚ ਸੁਖਬੀਰ ‘ਤੇ ਦੋਸ਼ ਲਗਾਇਆ ਕਿ ਉਹ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫ਼ਾ ਦੇ ਕੇ ਦਬਾਅ ਬਣਾ ਰਹੇ ਹਨ ਅਤੇ ਇੱਥੇ ਕਿਸਾਨਾਂ ਦੇ ਹੱਕ ‘ਚ ਖੜ੍ਹਨ ਦਾ ਭਰਮ ਪੈਦਾ ਕਰ ਰਹੇ ਹਨ, ਜਦਕਿ ਬੀਬਾ ਹਰਸਿਮਰਤ ਕੌਰ ਅਜੇ ਵੀ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਫ਼ਾਇਦੇਮੰਦ ਦੱਸ ਰਹੇ ਹਨ। ਅਜਿਹੇ ਬਿਆਨਾਂ ਨਾਲ ਹਾਸੋਹੀਣੀ ਸਥਿਤੀ ਬਣੀ ਹੋਈ ਹੈ।