ਸੁਖਪਾਲ ਸਿੰਘ ਖਹਿਰਾ ਆਪਣੇ ਦੋ ਵਿਧਾਇਕ ਸਾਥੀਆਂ ਜਗਦੇਵ ਕਮਾਲੂ ਅਤੇ ਪਿਰਮਲ ਖਾਲਸਾ ਸਮੇਤ ਕਾਂਗਰਸ ’ਚ ਮੁੜ ਸ਼ਾਮਲ

322
Share

ਚੰਡੀਗੜ੍ਹ, 3 ਜੂਨ (ਪੰਜਾਬ ਮੇਲ)- ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐੱਮ.ਐੱਲ.ਏ. ਆਪਣੇ ਦੋ ਵਿਧਾਇਕ ਸਾਥੀਆਂ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੂੰ ਭਾਜਪਾ ਦੇ ਫਿਰਕਾਪ੍ਰਸਤ ਸ਼ਾਸਨ ਤੋਂ ਆਜ਼ਾਦ ਕਰਵਾਉਣ ਵਾਸਤੇ ਇੱਕੋਂ ਇੱਕ ਢੁੱਕਵਾਂ ਪਲੇਟਫਾਰਮ ਕਾਂਗਰਸ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਰਫ ਕਾਂਗਰਸ ਹੀ ਹੈ, ਜੋ ਕਿ ਬਾਦਲਾਂ ਨੂੰ ਆਪਣੀਆਂ ਪਿਛਲੀਆਂ ਸਰਕਾਰਾਂ ਦੌਰਾਨ ਕੀਤੀ ਲੁੱਟ ਨੂੰ ਦੁਹਰਾਉਣ ਤੋਂ ਰੋਕ ਸਕਦੀ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਡੂੰਘਾਈ ਨਾਲ ਸੋਚ ਵਿਚਾਰ ਕਰਨ ਉਪਰੰਤ ਦੇਸ਼ ਅਤੇ ਨਾਲ ਹੀ ਆਪਣੇ ਪੰਜਾਬ ਸੂਬੇ ਦੇ ਵਡੇਰੇ ਹਿੱਤ ਵਾਸਤੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲਾ ਇੱਕ ਸਾਲ ਸਾਰੇ ਹਮਖਿਆਲੀ ਆਗੂਆਂ ਨੂੰ ਇੱਕ ਪਲੇਟਫਾਰਮ ਉੱਪਰ ਇਕੱਠਾ ਕਰਨ ਲਈ ਪੂਰੀ ਵਾਹ ਲਗਾਈ, ਤਾਂ ਕਿ ਪੰਜਾਬ ਕੇਂਦਰਿਤ ਖੇਤਰੀ ਦਲ ਬਣ ਸਕੇ ਪਰੰਤੂ ਬਦਕਿਸਮਤੀ ਨਾਲ ਉਹ ਕੁਝ ਅਜਿਹੇ ਕਾਰਨਾਂ ਕਰਕੇ ਇਸ ਵਿਚ ਅਸਫਲ ਰਹੇ, ਜਿਨ੍ਹਾਂ ਬਾਰੇ ਹੁਣ ਨਾ ਦੱਸਿਆ ਜਾਵੇ, ਤਾਂ ਬਿਹਤਰ ਹੈ।
ਖਹਿਰਾ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਵਾਸਤੇ ਦਿੱਲੀ ਦੇ ਬਾਰਡਰਾਂ ਉੱਪਰ ਸੰਘਰਸ਼ ਕਰ ਰਹੇ ਲੱਖਾਂ ਕਿਸਾਨਾਂ ਵਿਸ਼ੇਸ਼ ਤੌਰ ਉੱਪਰ ਪੰਜਾਬ ਦੇ ਕਿਸਾਨਾਂ ਪ੍ਰਤੀ ਭਾਜਪਾ ਦੇ ਅੱਖੜ ਰਵੱਈਏ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ, ਜਿਨ੍ਹਾਂ ਦੀਆਂ ਮੰਗਾਂ ਨੂੰ ਨਾ ਸਿਰਫ ਦਰਕਿਨਾਰ ਕੀਤਾ ਜਾ ਰਿਹਾ ਹੈ, ਬਲਕਿ ਉਨ੍ਹਾਂ ਨੂੰ ਦੇਸ਼ ਵਿਰੋਧੀ, ਖਾਲਿਸਤਾਨੀ, ਅਰਾਜਕ ਆਦਿ ਆਖ ਕੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਜਾ ਰਿਹਾ ਹੈ। ਭਾਰਤ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾਉਣ ਵਾਲੇ 400 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਉੱਪਰ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਤੱਕ ਦਾ ਵੀ ਪ੍ਰਗਟਾਵਾ ਨਹੀਂ ਕੀਤਾ।
ਖਹਿਰਾ ਨੇ ਕਿਹਾ ਕਿ ਸਾਡੇ ਅਯੋਗ ਪ੍ਰਧਾਨ ਮੰਤਰੀ ਦੇ ਕੋਵਿਡ ਮਹਾਂਮਾਰੀ ਨੂੰ ਕਾਬੂ ਕਰਨ ਵਿਚ ਅਸਫਲ ਰਹਿਣ ਨੇ ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਦੇ ਸਨਮਾਨ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ, ਲੋਕਾਂ ਵਿਸ਼ੇਸ਼ ਤੌਰ ਉੱਪਰ ਆਰਥਿਕ ਤੌਰ ਉੱਪਰ ਪਛੜਿਆਂ ਨੂੰ ਮਰਨ ਵਾਸਤੇ ਅੱਧਵਾਟੇ ਛੱਡ ਦਿੱਤਾ ਗਿਆ।
ਖਹਿਰਾ ਨੇ ਕਿਹਾ ਕਿ ਇਸੇ ਪ੍ਰਕਾਰ ਹੀ ਪਿਛਲੇ ਕੁਝ ਦਹਾਕਿਆਂ ਦੌਰਾਨ ਸੂਬੇ ਨੂੰ ਨੁਕਸਾਨ ਪਹੁੰਚਾ ਕੇ ਆਪਣੇ ਨਿੱਜੀ ਸਿਆਸੀ ਅਤੇ ਆਰਥਿਕ ਫਾਇਦੇ ਵਾਸਤੇ ਬਾਦਲ ਪਰਿਵਾਰ ਵੱਲੋਂ ਅਪਨਾਈਆਂ ਗਈਆਂ ਭਿ੍ਰਸ਼ਟ, ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਪੰਜਾਬ ਅਨੇਕਾਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਨਾ ਸਿਰਫ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਅਤੇ ਗਲਤ ਢੰਗ ਨਾਲ ਜਾਇਦਾਦ ਇਕੱਠੀ ਕਰਕੇ ਆਪਣਾ ਸਾਮਰਾਜ ਖੜ੍ਹਾ ਕੀਤਾ, ਬਲਕਿ ਕੌਮ ਵਜੋਂ ਸਿੱਖਾਂ ਦੇ ਇਤਿਹਾਸ ਅਤੇ ਸ਼ਾਨ ਨੂੰ ਤਬਾਹ ਕਰਨ ਲਈ ਭੱਦੀ ਭੂਮਿਕਾ ਵੀ ਨਿਭਾਈ। ਖਹਿਰਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਰਗੇ ਚਰਚਿਤ ਮਾਮਲਿਆਂ ਕਾਰਨ ਉਨ੍ਹਾਂ ਦੇ ਸਿੱਖ ਵਿਰੋਧੀ ਚਿਹਰੇ ਦਾ ਲੋਕਾਂ ਸਾਹਮਣੇ ਪਰਦਾਫਾਸ਼ ਹੋ ਗਿਆ ਹੈ। ਖਹਿਰਾ ਨੇ ਇਨ੍ਹਾਂ ਘਟਨਾਵਾਂ ਲਈ ਬਾਦਲ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਸੋੜੇ ਵੋਟਾਂ ਦੇ ਲਾਹੇ ਲਈ ਉਹ ਡੇਰਾ ਸੱਚਾ ਸੌਦਾ ਮੁਖੀ ਨਾਲ ਰਲੇ ਹੋਏ ਸਨ।
ਖਹਿਰਾ ਨੇ ਕਿਹਾ ਕਿ ਆਪਣੇ ਹੱਥਠੋਕਿਆਂ ਨੂੰ ਐੱਸ.ਜੀ.ਪੀ.ਸੀ. ਅਤੇ ਅਕਾਲ ਤਖਤ ਸਾਹਿਬ ਵਰਗੀਆਂ ਸਰਵਉੱਚ ਸੰਸਥਾਵਾਂ ਦੇ ਮੁੱਖੀ ਨਿਯੁਕਤ ਕਰਕੇ ਬਾਦਲਾਂ ਨੇ ਸਾਡੀਆਂ ਅਹਿਮ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲਗਾਈ ਅਤੇ ਨਿੱਜੀ ਮੁਫਾਦਾਂ ਲਈ ਉਨ੍ਹਾਂ ਰਾਹੀ ਇਨ੍ਹਾਂ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ।
ਇਸ ਦੇ ਨਾਲ ਹੀ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਫਰਜ਼ੀ ਇਨਕਲਾਬੀ ਕਰਾਰ ਦਿੱਤਾ, ਜੋ ਕਿ ਹੋਰ ਕੁਝ ਨਹੀਂ, ਬਲਕਿ ਇੱਕ ਤਾਨਾਸ਼ਾਹ ਅਤੇ ਆਰ.ਐੱਸ.ਐੱਸ-ਭਾਜਪਾ ਦੀ ਬੀ ਟੀਮ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਜੰਮੂ ਅਤੇ ਕਸ਼ਮੀਰ ਸੂਬੇ ਨੂੰ ਤਬਾਹ ਕੀਤੇ ਜਾਣ ਵਾਸਤੇ ਭਾਜਪਾ ਦੀ ਹਮਾਇਤ ਕੀਤੀ ਅਤੇ ਹਮੇਸ਼ਾਂ ਹੀ ਫੈਡਰਲਿਜ਼ਮ ਦੀ ਭਾਵਨਾ ਦੇ ਖਿਲਾਫ ਕੰਮ ਕੀਤਾ। ਖਹਿਰਾ ਨੇ ਕਿਹਾ ਕਿ ਸੀ.ਏ.ਏ. ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਕੇ ਉਸ ਨੇ ਆਪਣੀ ਘੱਟ ਗਿਣਤੀਆਂ ਖਿਲਾਫ ਮਾਨਸਿਕਤਾ ਦਾ ਮੁਜ਼ਾਹਰਾ ਕੀਤਾ।
ਖਹਿਰਾ ਨੇ ਕਿਹਾ ਕਿ 2015 ਵਿਚ ਆਮ ਆਦਮੀ ਪਾਰਟੀ ਵਿਚ ਇਹ ਸੋਚ ਕੇ ਸ਼ਾਮਲ ਹੋਣਾ ਉਨ੍ਹਾਂ ਦੀ ਵੱਡੀ ਸਿਆਸੀ ਗਲਤੀ ਸੀ ਕਿ ਕੇਜਰੀਵਾਲ ਭਾਰਤ ਦੇ ਸਿਆਸੀ ਕਲਚਰ ਵਿਚ ਬਹੁਤ ਤਬਦੀਲੀ ਲਿਆਵੇਗਾ ਪਰੰਤੂ ਉਸ ਨਾਲ ਕੰਮ ਕਰਨ ਉਪਰੰਤ ਮਾਲੂਮ ਹੋਇਆ ਕਿ ਉਹ ਦੋਗਲਾ ਅਤੇ ਖੁਸ਼ਾਮਦ ਪਸੰਦ ਲੀਡਰ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਐੱਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਉਹ ਮੁੜ ਦੁਬਾਰਾ ਉਸ ਦੀ ਫਰਾਡ ਅਤੇ ਝੂਠ ਦੀ ਸਿਆਸਤ ਦੇ ਸ਼ਿਕਾਰ ਨਾ ਬਣ ਜਾਣ। ਖਹਿਰਾ ਨੇ ਕਿਹਾ ਕਿ 2017 ਵਿਚ ਕੇਜਰੀਵਾਲ ਨੇ ਵਿਸ਼ਵ ਭਰ ਵਿਚ ਵੱਸਦੇ ਪੰਜਾਬੀ ਐੱਨ.ਆਰ.ਆਈਜ਼ ਕੋਲੋਂ ਸੈਂਕੜੇ ਕਰੋੜਾਂ ਰੁਪਏ ਇਕੱਠੇ ਕੀਤੇ ਪਰੰਤੂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਪੈਸੇ ਕਿੱਥੇ ਖਰਚ ਕੀਤੇ।
ਖਹਿਰਾ ਨੇ ਕਿਹਾ ਕਿ ਇਸ ਲਈ ਮੌਜੂਦਾ ਸਿਆਸੀ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਇਹ ਪੁਖਤਾ ਸੋਚ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਸਿਰਫ ਅਜਿਹੇ ਆਗੂ ਹਨ, ਜੋ ਕਿ ਦੇਸ਼ ਅਤੇ ਸੂਬੇ ਨੂੰ ਸਥਿਰਤਾ, ਸ਼ਾਂਤੀ ਅਤੇ ਤਰੱਕੀ ਵੱਲ ਲਿਜਾ ਸਕਦੇ ਹਨ, ਇਸ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਿਚ ਮੁੜ ਸ਼ਾਮਲ ਹੋਣ ਦਾ ਉਨ੍ਹਾਂ ਦਾ ਫੈਸਲਾ ਹਲਕਾ ਭੁਲੱਥ ਦੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕੀਤੀ ਗਈ ਭਾਰੀ ਮੰਗ ਕਾਰਨ ਵੀ ਹੈ, ਜਿਨ੍ਹਾਂ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ 50 ਸਾਲਾਂ ਤੋਂ ਸਿਆਸੀ ਵਜੂਦ ਹੈ।¿;¿;


Share