ਸੁਖਦੇਵ ਢੀਂਡਸਾ ਵੱਲੋਂ ਵਿਧਾਨ ਸਭਾ ਚੋਣਾਂ ਫ਼ਰੰਟ ਤਿਆਰ ਕਰਕੇ ਲੜਨ ਦਾ ਐਲਾਨ

256
Share

ਲਹਿਰਾਗਾਗਾ, 8 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਇਕ ਫ਼ਰੰਟ ਤਿਆਰ ਕਰਾਂਗੇ, ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਪਾਰਟੀਆਂ ਤੋਂ ਲੋਕਾ ਦਾ ਖਹਿੜਾ ਛੁਡਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਫ਼ਰੰਟ ਵੱਲੋਂ ਸਾਰੇ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ੍ਹ ਕਰਾਂਗੇ ਅਤੇ ਅਕਾਲੀ ਦਲ ਸੰਯੁਕਤ 50 ਸੀਟਾ ’ਤੇ ਚੋਣ ਲੜੇਗਾ। ਸ. ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਚੋਣ ਸਮਝੌਤੇ ਬਾਰੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਪੰਜਾਬ ਦੇ ਹਿਤ ਲਈ ਕੋਈ ਆਸ ਨਹੀਂ। ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਕਾਰਨ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟ ਕੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਨ੍ਹਾਂ ਕਾਨੂੰਨਾਂ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਝੋਨੇ ਦੀ ਖ਼ਰੀਦ ਮੰਡੀਆਂ ਜਲਦੀ ਬੰਦ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਸਰਕਾਰ ਨੂੰ ਮੰਡੀਆਂ ਬੰਦ ਨਾ ਕਰਨ ਬਾਰੇ ਲਿਖਤੀ ਪੱਤਰ ਭੇਜਣਗੇ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਮਸਲਾ ਵਿਧਾਨ ਸਭਾ ’ਚ ਉਠਾਉਣ ਲਈ ਕਹਿਣਗੇ।

Share