ਸੁਖਦੇਵ ਢੀਂਡਸਾ ਦੀਆਂ ਮੈਰਾਥਨ ਸਿਆਸੀ ਸਰਗਰਮੀਆਂ ਨੇ ਸਿਆਸੀ ਤੇ ਪੰਥਕ ਹਲਕਿਆਂ ‘ਚ ਮਚਾਈ ਤਰਥੱਲੀ

823
Share

ਮਲੇਰਕੋਟਲਾ, 22 ਜੁਲਾਈ (ਪੰਜਾਬ ਮੇਲ)-ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੀ ਅਕਾਲੀ ਸਿਆਸਤ ਦੀਆਂ ਮੋਹਰੀ ਸਫ਼ਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਕੇਂਦਰੀ ਕੈਬਨਿਟ ਵਜ਼ੀਰ ਸਮੇਤ ਰਾਜ ਸਭਾ ਮੈਂਬਰ ਸਮੇਤ ਕਈ ਵੱਡੇ ਤੇ ਵੱਕਾਰੀ ਰੁਤਬਿਆਂ ‘ਤੇ ਭੂਮਿਕਾ ਨਿਭਾਉਂਦੇ ਆ ਰਹੇ ਸੁਖਦੇਵ ਸਿੰਘ ਢੀਂਡਸਾ ਵਲੋਂ ਭਾਵੇਂ ਦੋ ਵਰ੍ਹੇ ਪਹਿਲਾਂ ਆਪਣੀ ਖ਼ਰਾਬ ਸਿਹਤ ਦੇ ਹਵਾਲੇ ਨਾਲ ਸਰਗਰਮ ਰਾਜਨੀਤੀ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ 7 ਜੁਲਾਈ ਦੇ ਲੁਧਿਆਣਾ ਸੰਮੇਲਨ ‘ਚ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਪ੍ਰਧਾਨ ਚੁਣੇ ਜਾਣ ਪਿੱਛੋਂ 84 ਵਰ੍ਹਿਆਂ ਦੀ ਵਡੇਰੀ ਉਮਰ ਦੇ ਬਾਵਜੂਦ ਉਨ੍ਹਾਂ ਦੀਆਂ ਮੈਰਾਥਨ ਸਿਆਸੀ ਸਰਗਰਮੀਆਂ ਤੋਂ ਚੰਡੀਗੜ੍ਹ ਤੇ ਦਿੱਲੀ ਦੇ ਸਿਆਸੀ ਤੇ ਪੰਥਕ ਹਲਕਿਆਂ ‘ਚ ਹੈਰਾਨੀ ਪਾਈ ਜਾ ਰਹੀ ਹੈ। ਇਸੇ ਵਰ੍ਹੇ 23 ਫਰਵਰੀ ਨੂੰ ਸੰਗਰੂਰ ਵਿਖੇ ਵਿਸ਼ਾਲ ਰੈਲੀ ਕਰਕੇ ਬਾਦਲਾਂ ਖ਼ਿਲਾਫ਼ ਜੰਗ ਦਾ ਐਲਾਨ ਕਰਨ ਵਾਲੇ ਢੀਂਡਸਾ ਵਲੋਂ ਵਿੱਢੀਆਂ ਸਰਗਰਮੀਆਂ ਨੂੰ ਪੰਜਾਬ ਦੀਆਂ ਪੰਥਕ ਧਿਰਾਂ ਵਲੋਂ ਮਿਲ ਰਹੇ ਹੈਰਾਨੀਜਨਕ ਹੁੰਗਾਰੇ ਅਤੇ ਲੰਬੇ ਸਮੇਂ ਤੋਂ ਸਿਆਸੀ ਨਿਰਾਸ਼ਤਾ ‘ਚ ਘਰੀਂ ਬੈਠੇ ਜਾਂ ਇੱਧਰ ਉੱਧਰ ਖਿੰਡੇ ਪੰਥਕ ਆਗੂਆਂ ਦੀ ਢੀਂਡਸਾ ਦੁਆਲੇ ਹੋ ਰਹੀ ਲਾਮਬੰਦੀ ਨੇ ਪੰਜਾਬ ਦੀ ਪੰਥਕ ਸਿਆਸਤ ਅੰਦਰ ਅਜਿਹੀ ਅਣਕਿਆਸੀ ਤਰਥੱਲੀ ਮਚਾ ਰੱਖੀ ਹੈ, ਜਿਸ ਦੀ ਕੁਝ ਮਹੀਨੇ ਪਹਿਲਾਂ ਤੱਕ ਕਿਸੇ ਨੂੰ ਉਮੀਦ ਨਹੀਂ ਸੀ। ਕੁਝ ਵਰ੍ਹੇ ਪਹਿਲਾਂ ਬਾਈਪਾਸ ਸਰਜਰੀ ਕਰਵਾ ਚੁੱਕੇ ਢੀਂਡਸਾ ਦੀ ਮੌਜੂਦਾ ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ ‘ਚ ਪੰਥਕ ਸਿਆਸਤ ਦੇ ਮੈਦਾਨ ‘ਤੇ ਸ਼ੁਰੂ ਕੀਤੀ ਸਰਪਟ ਦੌੜ ਕਾਰਨ ਸਭ ਤੋਂ ਵੱਡੀ ਚਿੰਤਾ ਤੇ ਬੇਚੈਨੀ ਸੰਗਰੂਰ ਤੇ ਬਰਨਾਲਾ ਨਾਲ ਸਬੰਧਿਤ ਉਨ੍ਹਾਂ ਅਕਾਲੀ ਆਗੂਆਂ ‘ਚ ਪਾਈ ਜਾ ਰਹੀ ਹੈ, ਜਿਹੜੇ ਇਮਤਿਹਾਨ ਦੀ ਘੜੀ ਢੀਂਡਸਾ ਦਾ ਸਾਥ ਛੱਡ ਕੇ ਬਾਦਲ ਦਲ ਨਾਲ ਜਾ ਖੜ੍ਹੇ ਸਨ। ਉਂਝ ਢੀਂਡਸਾ ਦੀਆਂ ਸਰਗਰਮੀਆਂ ਦਾ ਪੰਜਾਬ ਤੇ ਦੇਸ਼ ਦੀ ਅਕਾਲੀ ਤੇ ਪੰਥਕ ਸਿਆਸਤ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਭਵਿੱਖਬਾਣੀ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ ਪਰ ਪੰਥਕ ਰਾਜਨੀਤੀ ਦੀ ਇਸ ਵੱਡੀ ਘਟਨਾ ਨੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀ ਅਕਾਲੀ ਸਿਆਸਤ ਨੂੰ 35 ਵਰ੍ਹੇ ਪੁਰਾਣੀ ਬਰਨਾਲਾ-ਢੀਂਡਸਾ ਧੜਿਆਂ ਦੀ ਸ਼ਰੀਕੇਬਾਜ਼ੀ ਦੇ ਦੌਰ ‘ਚ ਮੁੜ ਜ਼ਰੂਰ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਵੇਲੇ ਜ਼ਿਲ੍ਹੇ ਅੰਦਰ ਢੀਂਡਸਾ ਦੇ ਸਿਆਸੀ ਸ਼ਰੀਕ ਤੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਿਆਸੀ ਪੰਜਾਲੀ ਨੂੰ ਪਿਛਲੇ 35 ਵਰ੍ਹਿਆਂ ਤੋਂ ਆਪਣੇ ਮੋਢਿਆਂ ‘ਤੇ ਚੁੱਕੀ ਫਿਰ ਰਹੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜਨਰਲ ਸਕੱਤਰ ਤੇ ਕੋਰ ਕਮੇਟੀ ਦਾ ਮੈਂਬਰ ਬਣਾ ਕੇ ਢੀਂਡਸਾ ਦੀ ਹਨੇਰੀ ਨੂੰ ਠੱਲ੍ਹਣ ਲਈ ਮੈਦਾਨ ‘ਚ ਉਤਾਰ ਰੱਖਿਆ ਹੈ।
ਬਾਦਲ ਦਲ ਨੂੰ ਤਸੱਲੀ ਭਰਿਆ ਭਰੋਸਾ ਹੈ ਕਿ ਢੀਂਡਸਾ ਦੇ ਵੱਖ ਹੋਣ ਪਿੱਛੋਂ ਦੋਵੇਂ ਜ਼ਿਲ੍ਹਿਆਂ ‘ਚ ਸਾਰੇ 10 ਵਿਧਾਨ ਸਭਾ ਹਲਕਿਆਂ ‘ਚੋਂ 9 ਹਲਕਿਆਂ ਦੇ ਪਾਰਟੀ ਇੰਚਾਰਜ ਅੱਜ ਵੀ ਉਨ੍ਹਾਂ ਨਾਲ ਖੜ੍ਹੇ ਹਨ ਪਰ ਢੀਂਡਸਾ ਵਲੋਂ ਸ਼ੁਰੂ ਕੀਤੀ ਨਵੀਂ ਸਿਆਸੀ ਪਾਰੀ ਦੀ ਧਮਕ ਨਾਲ ਹਲਕਿਆਂ ਦੀਆਂ ਅਕਾਲੀ ਸਫ਼ਾਂ ਅੰਦਰ ਪੈਦਾ ਹੋਈ ਬੇਚੈਨੀ ਬਾਦਲ ਦਲ ਨੂੰ ਪ੍ਰੇਸ਼ਾਨ ਜ਼ਰੂਰ ਕਰ ਰਹੀ ਹੈ। ਪਿਛਲੀ ਵਿਧਾਨ ਸਭਾ ਚੋਣ ਵਿਚ ਦੋਵੇਂ ਜ਼ਿਲ੍ਹਿਆਂ ਦੇ 10 ਵਿਧਾਨ ਸਭਾ ਹਲਕਿਆਂ ‘ਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਪਰਮਿੰਦਰ ਸਿੰਘ ਢੀਂਡਸਾ ਹੀ ਹਲਕਾ ਲਹਿਰਾ ਤੋਂ ਜਿੱਤ ਪ੍ਰਾਪਤ ਕਰ ਸਕੇ ਸਨ।
ਜਾਣਕਾਰੀ ਮੁਤਾਬਿਕ ਬਾਦਲ ਦਲ ਵਲੋਂ ਹਲਕਾ ਲਹਿਰਾ ਤੋਂ ਨਵੇਂ ਪਾਰਟੀ ਇੰਚਾਰਜ ਦੀ ਭਾਲ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਬਾਦਲ ਪਰਿਵਾਰ ਦੇ ਕਰੀਬੀ ਇਕ ਸਾਬਕਾ ਅਧਿਕਾਰੀ ਦੇ ਨਾਲ-ਨਾਲ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦਾ ਨਾਂਅ ਵੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਬਾਦਲ ਦਲ ਲਈ ਬਰਨਾਲਾ ਧੜੇ ਦੇ ਦੋ ਅਹਿਮ ਆਗੂਆਂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੂੰ ਵਿਧਾਨ ਸਭਾ ਟਿਕਟਾਂ ਵੇਲੇ ‘ਐਡਜਸਟ’ ਕਰਨਾ ਜਿੱਥੇ ਇਕ ਵੱਡੀ ਸਮੱਸਿਆ ਬਣੀ ਹੋਈ ਹੈ, ਉੱਥੇ ਇਹ ਸਵਾਲ ਵੀ ਪਾਰਟੀ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿ ਲਹਿਰੇ ਤੋਂ ਬਾਅਦ ਸੰਗਰੂਰ, ਸੁਨਾਮ ਤੇ ਧੂਰੀ ਹਲਕਿਆਂ ‘ਚੋਂ ਉਹ ਕਿਹੜੇ ਦੋ ਹਲਕੇ ਹੋਣਗੇ, ਜਿੱਥੋਂ ਮਾਨ ਤੇ ਬਰਨਾਲਾ ਨੂੰ ਟਿਕਟ ਦਿੱਤੀ ਜਾਵੇਗੀ। ਸੂਤਰਾਂ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਰੁਤਬੇ ਪੱਖੋਂ ਅਜਿਹੇ ਵੱਡੇ ਆਗੂ ਹਨ, ਜਿਨ੍ਹਾਂ ਤੋਂ ਬਗੈਰ ਸੁਨਾਮ ਹਲਕੇ ਤੋਂ ਕਿਸੇ ਵੀ ਹੋਰ ਆਗੂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਦੱਸਿਆ ਜਾਂਦਾ ਹੈ ਕਿ ਬਾਦਲ ਦਲ ਦੀ ਸਿਖਰਲੀ ਲੀਡਰਸ਼ਿਪ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਅੰਦਰ ਫ਼ੂਕ-ਫ਼ੂਕ ਕੇ ਕਦਮ ਰੱਖ ਰਹੀ ਹੈ। ਇਸੇ ਤਹਿਤ ਪਾਰਟੀ ਲਹਿਰਾ ਤੋਂ ਪਰਮਿੰਦਰ ਸਿੰਘ ਢੀਂਡਸਾ ਦੇ ਮੁਕਾਬਲੇ ਬਲਦੇਵ ਸਿੰਘ ਮਾਨ ਨੂੰ ਹਲਕਾ ਇੰਚਾਰਜ ਲਗਾ ਕੇ ਪੰਜਾਬ ਭਰ ਅੰਦਰ ਬਣੀ ਢੀਂਡਸਾ ਬਨਾਮ ਬਾਦਲ ਲੜਾਈ ਨੂੰ ਢੀਂਡਸਾ ਬਨਾਮ ਬਰਨਾਲਾ ਬਣਾਉਣ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਜਦਕਿ ਢੀਂਡਸਾ ਧੜੇ ਵਲੋਂ ਜ਼ਿਲ੍ਹੇ ਦੇ ਸਿਆਸੀ ਦੰਗਲ ਨੂੰ ਢੀਂਡਸਾ ਬਨਾਮ ਬਰਨਾਲਾ ਬਣਾ ਕੇ 35 ਵਰ੍ਹਿਆਂ ਤੋਂ ਚੱਲ ਰਹੀ ਆਪਣੀ ਜੇਤੂ ਜੰਗ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਯਤਨ ਕੀਤੇ ਜਾਣਗੇ। ਢੀਂਡਸਾ ਧੜਾ ‘ਉਡੀਕੋ ਤੇ ਵੇਖੋ’ ਦੀ ਨੀਤੀ ‘ਤੇ ਚਲਦਿਆਂ ਬਲਦੇਵ ਸਿੰਘ ਮਾਨ ਤੇ ਬਰਨਾਲਾ ਪਰਿਵਾਰ ਲਈ ਬਾਦਲ ਦਲ ਵਲੋਂ ਅਲਾਟ ਕੀਤੇ ਜਾਣ ਵਾਲੇ ਸਿਆਸੀ ਖੇਤਰਾਂ ਉੱਪਰ ਤਿੱਖੀ ਨਜ਼ਰ ਰੱਖੀ ਬੈਠਾ ਹੈ। ਬਰਨਾਲਾ ਪਰਿਵਾਰ ਵਲੋਂ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਬਰਨਾਲਾ ਤੇ ਪੁੱਤਰ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਵਰ੍ਹਿਆਂ ਤੋਂ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਕੱਕੜਵਾਲ ਵਿਖੇ ਆਪਣੀ ਪੱਕੀ ਰਿਹਾਇਸ਼ ਤੋਂ ਹਲਕੇ ਅੰਦਰ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਹਾਲਾਂਕਿ ਬਾਦਲ ਦਲ ਨੇ ਪ੍ਰੀਤ ਕੰਬਾਈਨ ਨਾਭਾ ਦੇ ਮਾਲਕ ਹਰੀ ਸਿੰਘ ਨੂੰ ਧੂਰੀ ਹਲਕੇ ਦਾ ਇੰਚਾਰਜ ਲਗਾਇਆ ਹੋਇਆ ਹੈ। ਸੂਤਰਾਂ ਮੁਤਾਬਕ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀ ਕਮਾਨ ਆਪਣੇ ਸਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਥ ਦੇ ਕੇ ਖ਼ੁਦ ਸਮੁੱਚੇ ਪੰਜਾਬ ਤੇ ਦਿੱਲੀ ਦਾ ਪਿੜ ਸੰਭਾਲ ਲਿਆ ਹੈ।


Share