ਸੀ.ਸੀ.ਆਈ. ਵੱਲੋਂ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਬਾਰੇ ਜਾਂਚ ਦੇ ਹੁਕਮ

141
Share

ਸੀ.ਸੀ.ਆਈ. ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ
ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕੰਪੀਟੀਸ਼ਨ ਕਮਿਸ਼ਨ (ਸੀ.ਸੀ.ਆਈ.) ਨੇ ਅਦਾਲਤ ’ਚ ਕਿਹਾ ਹੈ ਕਿ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਨਾਲ ਇਸ ਪਲੈਟਫਾਰਮ ਦੀ ਵਰਤੋਂ ਕਰਨ ਵਾਲਿਆਂ ਦਾ ਕਾਫ਼ੀ ਡੇਟਾ (ਨਿੱਜੀ ਜਾਣਕਾਰੀਆਂ) ਵਟਸਐਪ ਕੋਲ ਇਕੱਠਾ ਹੋ ਜਾਵੇਗਾ। ਡੇਟਾ ਦੀ ਵਰਤੋਂ ਵੱਧ ਤੋਂ ਵੱਧ ਖ਼ਪਤਕਾਰਾਂ ਨੂੰ ਜੋੜਨ ਦੇ ਮੰਤਵ ਨਾਲ ਸੇਧਤ ਇਸ਼ਤਿਹਾਰਬਾਜ਼ੀ ਕਰਨ ਲਈ ਕੀਤੀ ਜਾ ਸਕਦੀ ਹੈ। ਸੀ.ਸੀ.ਆਈ. ਨੇ ਕਿਹਾ ਕਿ ਇਹ ਖ਼ਪਤਕਾਰਾਂ ਦਾ ‘ਪਿੱਛਾ ਕਰਨ ਵਰਗਾ’ ਹੋਵੇਗਾ। ਇਹ ਇਕ ਤਰ੍ਹਾਂ ਨਾਲ ਬਾਜ਼ਾਰ ਵਿਚ ਆਪਣੇ ਦਬਦਬੇ ਦੀ ਦੁਰਵਰਤੋਂ ਕਰਨ ਦੇ ਬਰਾਬਰ ਹੈ। ਇਸ ਮਾਮਲੇ ’ਚ ਅੱਜ ਦਿੱਲੀ ਹਾਈ ਕੋਰਟ ’ਚ ਪੇਸ਼ ਹੋਏ ਸੀ.ਸੀ.ਆਈ. ਦੇ ਵਕੀਲ ਅਮਨ ਲੇਖੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਜਾਂਚ ਸਹੀ ਹੈ। ਜ਼ਿਕਰਯੋਗ ਹੈ ਕਿ ਸੀ.ਸੀ.ਆਈ. ਨੇ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਬਾਰੇ ਜਾਂਚ ਦਾ ਹੁਕਮ ਦਿੱਤਾ ਹੈ। ਨਿੱਜਤਾ ਦੇ ਹੱਕ ਨਾਲ ਜੁੜਿਆ ਮਾਮਲਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ।

Share