ਸੀ.ਬੀ.ਆਈ. ਵੱਲੋਂ ਵਾਡਰਾ ਦੀ ਲੰਡਨ ‘ਚ ਬੇਨਾਮੀ ਜਾਇਦਾਦ ਖ਼ਰੀਦ ‘ਚ ਦਲਾਲੀ ਦੇ ਮਾਮਲੇ ‘ਚ ਜਾਂਚ ਸ਼ੁਰੂ

418
Share

ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)-ਲੰਡਨ ‘ਚ ਰਾਬਰਟ ਵਾਡਰਾ ਦੀ ਬੇਨਾਮੀ ਜਾਇਦਾਦ ਖ਼ਰੀਦਣ ਲਈ ਕੋਰੀਆ ਦੀ ਕੰਪਨੀ ਸੈਮਸੰਗ ਇੰਜੀਨੀਅਰਿੰਗ ਤੋਂ ਲਈ ਗਈ ਦਲਾਲੀ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦਰਜ ਐੱਫ.ਆਈ.ਆਰ. ‘ਚ ਸੀ.ਬੀ.ਆਈ. ਨੇ ਰੱਖਿਆ ਸੌਦਿਆਂ ਦੇ ਦਲਾਲ ਸੰਜੇ ਭੰਡਾਰੀ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀ.ਬੀ.ਆਈ. ਅਨੁਸਾਰ ਦੱਖਣੀ ਕੋਰੀਆ ਕੰਪਨੀ ਨੂੰ ਓ.ਐੱਨ.ਜੀ.ਸੀ. ਦੀ ਸਬਸਿਡਰੀ ਕੰਪਨੀ ਓ.ਐੱਨ.ਜੀ.ਸੀ. ਪੈਟਰੋ ਐਡੀਸੰਨਜ਼ ਲਿਮਟਿਡ (ਓਪਲ) ਤੋਂ ਗੁਜਰਾਤ ਦੇ ਦਾਹੇਜ ‘ਚ ਇਕ ਪ੍ਰਾਜੈਕਟ ਦਾ ਠੇਕਾ ਦਿਵਾਉਣ ਬਦਲੇ 49.99 ਲੱਖ ਡਾਲਰ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 23.50 ਕਰੋੜ ਰੁਪਏ) ਦੀ ਦਲਾਲੀ ਦਿੱਤੀ ਗਈ ਸੀ। ਉੱਚ ਅਹੁਦਿਆਂ ‘ਤੇ ਬੈਠੇ ਸੂਤਰਾਂ ਅਨੁਸਾਰ ਇਨਕਮ ਵਿਭਾਗ ਤੇ ਈ.ਡੀ. ਨੇ ਪਿਛਲੇ ਸਾਲ ਦੇ ਸ਼ੁਰੂ ‘ਚ ਹੀ ਸੀ.ਬੀ.ਆਈ. ਨੂੰ ਇਸ ਘਪਲੇ ਦੇ ਦਸਤਾਵੇਜ਼ ਸੌਂਪਦਿਆਂ ਹੋਏ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫ.ਆਈ.ਆਰ. ਦਰਜ ਕਰ ਕੇ ਇਸ ਦੀ ਜਾਂਚ ਦੀ ਜ਼ਰੂਰਤ ਦੱਸੀ ਸੀ। ਇਸੇ ਆਧਾਰ ‘ਤੇ ਸੀ.ਬੀ.ਆਈ. ਨੇ 11 ਜੁਲਾਈ 2019 ਨੂੰ ਮੁੱਢਲੀ ਜਾਂਚ ਦਾ ਕੇਸ ਦਰਜ ਕੀਤਾ ਸੀ। ਲਗਭਗ ਇਕ ਸਾਲ ਦੀ ਮੁੱਢਲੀ ਜਾਂਚ ਤੋਂ ਬਾਅਦ ਸੀ. ਬੀ.ਆਈ. ਨੇ ਰੈਗੂਲਰ ਐੱਫ.ਆਈ.ਆਰ. ਦਰਜ ਕਰਨ ਦਾ ਫ਼ੈਸਲਾ ਕੀਤਾ। ਇਸ ‘ਚ ਸੰਜੇ ਭੰਡਾਰੀ ਤੇ ਸੈਮਸੰਗ ਇੰਜੀਨੀਅਰਿੰਗ ਦੇ ਸੀਨੀਅਰ ਮੈਨੇਜਰ ਹੋਂਗ ਨੈਮਕੁੰਗ ਦੇ ਨਾਲ-ਨਾਲ ਓ.ਐੱਨ.ਜੀ. ਸੀ. ਅਤੇ ਓਪਲ ਦੇ ਅਣਪਛਾਤੇ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ।

ਠੇਕੇ ਦੀ ਪ੍ਰਕਿਰਿਆ ‘ਤੇ ਉੱਠੇ ਸਨ ਸਵਾਲ
ਸੀ.ਬੀ.ਆਈ. ਦੀ ਐੱਫ.ਆਈ.ਆਰ. ਮੁਤਾਬਕ ਓਪਲ ਨੇ ਨਵੰਬਰ 2006 ‘ਚ ਗੁਜਰਾਤ ਦੇ ਦਾਹੇਜ ਸਥਿਤ ਐੱਸ.ਈ.ਜ਼ੈੱਡ ‘ਚ ਈਥੇਨ, ਪ੍ਰੋਪੇਨ ਤੇ ਬੁਟੇਨ ਕੱਢਣ ਦਾ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਤੇ ਇਸ ਲਈ ਇਕ ਪ੍ਰਾਜੈਕਟ ਦਾ ਠੇਕਾ ਮਾਰਚ 2008 ਨੂੰ ਜਰਮਨੀ ਦੀ ਲਿੰਡੇ ਤੇ ਦੱਖਣੀ ਕੋਰੀਆ ਦੀ ਸੈਮਸੰਗ ਇੰਜੀਨੀਅਰਿੰਗ ਦੇ ਕੰਸੋਰਟੀਅਮ ਨੂੰ ਦਿੱਤਾ। ਉਂਝ ਠੇਕਾ ‘ਚ ਹਿੱਸਾ ਲੈਣ ਵਾਲੀਆਂ ਭਾਰਤੀਆਂ ਕੰਪਨੀਆਂ ਐੱਲ.ਐਂਡ ਟੀ., ਸ਼ਾਅ ਸਟੇਨ ਤੇ ਵੈੱਬਸਟਰ ਦੇ ਕੰਸੋਰਟੀਅਮ ਨੇ ਠੇਕੇ ਦੀ ਪ੍ਰਕਿਰਿਆ ‘ਚ ਗੜਬੜੀ ਦਾ ਦੋਸ਼ ਲਾਇਆ ਪਰ ਉਸ ਨੂੰ ਖਾਰਜ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਜੈਕਟ ਲਾਉਣ ਲਈ ਓਪਲ ਦੇ ਫ਼ੈਸਲੇ ਤੋਂ ਇਕ ਮਹੀਨਾ ਪਹਿਲਾਂ ਹੀ ਸੰਜੇ ਭੰਡਾਰੀ ਦੀ ਯੂ.ਏ.ਈ. ਸਥਿਤ ਕੰਪਨੀ ਸੈਨਟੈੱਕ ਤੇ ਸੈਮਸੰਗ ਇੰਜੀਨੀਅਰ ਵਿਚਾਲੇ ਦਲਾਲੀ ਦਾ ਸਮਝੌਤਾ ਹੋ ਗਿਆ, ਜਿਸ ‘ਚ 100 ਕਰੋੜ ਡਾਲਰ ਦੀ ਕੰਸਲਟੈਂਸੀ ਫੀਸ ਦੀ ਵਿਵਸਥਾ ਸੀ।

ਓ.ਐੱਨ.ਜੀ. ਸੀ. ਤੋਂ ਦਿਵਾਇਆ ਐਡਵਾਂਸ
ਇਸ ਪ੍ਰਾਜੈਕਟ ‘ਚ ਖੁੱਲ੍ਹੇਆਮ ਲਈ ਗਈ ਦਲਾਲੀ ਦਾ ਹਵਾਲਾ ਦਿੰਦਿਆਂ ਸੀ.ਬੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਜੇ ਭੰਡਾਰੀ ਨਾਲ ਹੋਏ ਸਮਝੌਤੇ ‘ਚ ਓ.ਐੱਨ.ਜੀ.ਸੀ. ਤੋਂ ਐਡਵਾਂਸ ਮਿਲਣ ਦੇ ਇਕ ਮਹੀਨੇ ਦੇ ਅੰਦਰ 50 ਫ਼ੀਸਦੀ ਰਕਮ ਤੇ ਪੂਰੀ ਰਕਮ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਬਾਕੀ ਦੀ 50 ਫ਼ੀਸਦੀ ਰਕਮ ਦੇਣ ਦੀ ਗੱਲ ਸੀ ਪਰ ਠੇਕੇ ਦੀਆਂ ਸ਼ਰਤਾਂ ‘ਚ ਐਡਵਾਂਸ ਦੀ ਕੋਈ ਵਿਵਸਥਾ ਹੀ ਨਹੀਂ ਸੀ। ਬਾਅਦ ‘ਚ ਓ.ਐੱਨ.ਜੀ.ਸੀ. ਦੀ ਬੋਰਡ ਨੇ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ। ਓ.ਐੱਨ.ਜੀ.ਸੀ. ਨੇ ਸੈਮਸੰਗ ਇੰਜੀਨੀਅਰ ਨੂੰ 24 ਫਰਵਰੀ 2009 ਨੂੰ ਐਡਵਾਂਸ ਦਿੱਤਾ ਅਤੇ 13 ਜੂਨ 2009 ਨੂੰ ਸੰਜੇ ਭੰਡਾਰੀ ਦੀ ਕੰਪਨੀ ‘ਚ 49.99 ਲੱਖ ਡਾਲਰ ਦੀ ਦਲਾਲੀ ਦੀ ਰਕਮ ਪੁੱਜ ਗਈ।
ਦਲਾਲੀ ਦੀ ਰਕਮ ਪੁੱਜਣ ਤੋਂ ਫੌਰੀ ਬਾਅਦ ਸੰਜੇ ਭੰਡਾਰੀ ਨੇ ਬਰਤਾਨੀਆ ਦੀ ਕੰਪਨੀ ਵਰਟੈਕਸ ਮੈਨੇਜਮੈਂਟ ਨੂੰ 19 ਲੱਖ ਪੌਂਡ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 15 ਕਰੋੜ ਰੁਪਏ) ‘ਚ ਖ਼ਰੀਦ ਲਿਆ, ਜਿਸ ਕੋਲ ਲੰਡਨ ਸਥਿਤ 12, ਬ੍ਰਾਇੰਸਟਨ ਸਕੁਆਇਰ ਦਾ ਮਕਾਨ ਸੀ। ਇਸ ਤਰ੍ਹਾਂ ਨਾਲ ਇਹ ਮਕਾਨ ਸੰਜੇ ਭੰਡਾਰੀ ਕੋਲ ਆ ਗਿਆ। ਬਾਅਦ ‘ਚ ਸੰਜੇ ਭੰਡਾਰੀ ਨੇ ਇਹ ਮਕਾਨ ਦੁਬਈ ਸਥਿਤ ਸਕਾਈਲਾਈਟ ਇਨਵੈਸਟਮੈਂਟ ਐੱਫ.ਜ਼ੈੱਡ.ਈ. ਨੂੰ ਵੇਚ ਦਿੱਤਾ। ਜਾਂਚ ਏਜੰਸੀਆਂ ਅਨੁਸਾਰ ਇਹ ਕੰਪਨੀ ਰਾਬਰਟ ਵਾਡਰਾ ਦੀ ਮੁਖੌਟਾ ਕੰਪਨੀ ਹੈ।


Share