ਸੀ.ਬੀ.ਆਈ. ਵੱਲੋਂ ਆਈ.ਪੀ.ਐੱਲ. 2019 ਦੇ ਮੈਚ ਫਿਕਸਿੰਗ ਦੇ ਦੋਸ਼ ਹੇਠ 7 ਨਾਮਜ਼ਦ

34
Share

-ਪਾਕਿਸਤਾਨ ਤੋਂ ਸੰਦੇਸ਼ ਮਿਲਣ ਤੋਂ ਬਾਅਦ ਮੈਚਾਂ ਦੇ ਨਤੀਜਿਆਂ ਨੂੰ ਕਰਦੇ ਸਨ ਪ੍ਰਭਾਵਿਤ
ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਸੀ.ਬੀ.ਆਈ. ਨੇ 2019 ਦੇ ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ‘ਚ ਫਿਕਸਿੰਗ ਦੇ ਦੋਸ਼ ਹੇਠ ਸੱਤ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਜਾਂਚ ਏਜੰਸੀ ਨੇ ਇਸ ਸਬੰਧ ਵਿਚ ਦੋ ਕੇਸ ਦਰਜ ਕੀਤੇ ਹਨ। ਇਸ ਸਬੰਧ ਵਿਚ ਕੇਂਦਰੀ ਏਜੰਸੀ ਨੇ ਦੇਸ਼ ਭਰ ਵਿਚ ਛਾਪੇ ਮਾਰੇ। ਏਜੰਸੀ ਵੱਲੋਂ ਦਿੱਲੀ, ਹੈਦਰਾਬਾਦ, ਜੈਪੁਰ ਅਤੇ ਜੋਧਪੁਰ ਵਿਚ ਜਾਂਚ ਕੀਤੀ ਗਈ। ਜਾਂਚ ਏਜੰਸੀ ਨੇ ਐੱਫ.ਆਈ.ਆਰ. ਵਿਚ ਦੱਸਿਆ ਹੈ ਕਿ ਸੱਟੇਬਾਜ਼ੀ ਵਿਚ ਸ਼ਾਮਲ ਵਿਅਕਤੀਆਂ ਦਾ ਇੱਕ ਨੈਟਵਰਕ ਪਾਕਿਸਤਾਨ ਤੋਂ ਪ੍ਰਾਪਤ ਸੰਦੇਸ਼ਾਂ ਦੇ ਆਧਾਰ ‘ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਸੀ.ਬੀ.ਆਈ. ਨੇ ਆਪਣੀ ਪਹਿਲੀ ਐੱਫ.ਆਈ.ਆਰ. ਵਿਚ ਦਿੱਲੀ ਦੇ ਰੋਹਿਣੀ ਵਿਚ ਰਹਿਣ ਵਾਲੇ ਦਲੀਪ ਕੁਮਾਰ ਅਤੇ ਹੈਦਰਾਬਾਦ ਦੇ ਗੁਰਰਾਮ ਵਾਸੂ ਅਤੇ ਗੁਰਰਾਮ ਸਤੀਸ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਜਦੋਂਕਿ ਦੂਜੀ ਐੱਫ.ਆਈ.ਆਰ. ਵਿਚ ਸੱਜਣ ਸਿੰਘ, ਪ੍ਰਭੂ ਲਾਲ ਮੀਣਾ, ਰਾਮ ਅਵਤਾਰ ਅਤੇ ਅਮਿਤ ਕੁਮਾਰ ਸ਼ਰਮਾ (ਸਾਰੇ ਰਾਜਸਥਾਨ) ਨੂੰ ਨਾਮਜ਼ਦ ਕੀਤਾ ਹੈ। ਸੀ.ਬੀ.ਆਈ. ਅਧਿਕਾਰੀਆਂ ਅਨੁਸਾਰ ਇਹ ਸਾਰੇ ਦਹਾਕੇ ਭਰ ਤੋਂ ਕ੍ਰਿਕਟ ਵਿਚ ਸੱਟੇਬਾਜ਼ੀ ਕਰ ਰਹੇ ਸਨ ਤੇ ਲੋਕਾਂ ਨਾਲ ਧੋਖਾ ਕਰਦੇ ਸਨ। ਇਨ੍ਹਾਂ ਨੇ ਫਰਜ਼ੀ ਪਛਾਣ ਪੱਤਰਾਂ ਦੇ ਆਧਾਰ ‘ਤੇ ਬੈਂਕ ਖਾਤੇ ਖੁੱਲ੍ਹਵਾਏ ਹੋਏ ਸਨ ਤੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਗਾਹਕਾਂ ਦੇ ਕੇਵਾਈਸੀ ਦਸਤਾਵੇਜ਼ ਹਾਸਲ ਕਰਦੇ ਸਨ।


Share