ਸੀ.ਬੀ.ਆਈ. ਨੇ ਬੇਅਦਬੀ ਕੇਸ ‘ਚ ਵਿਸ਼ੇਸ਼ ਜਾਂਚ ਟੀਮ ਵਲੋਂ ਜਾਂਚ ਕਰਨਾ ਗਲਤ ਕਰਾਰ ਦਿੱਤਾ

603
Share

ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)-ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਜੂਨ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਚੋਰੀ ਹੋਣ ਅਤੇ ਬੇਅਦਬੀ ਦੇ ਸਬੰਧ ‘ਚ ਦਰਜ ਮਾਮਲੇ ‘ਚ ਡੀ.ਆਈ.ਜੀ. ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵਲੋਂ ਫ਼ਰੀਦਕੋਟ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਵਿਚ ਦਾਖ਼ਲ ਅੰਤਿਮ ਰਿਪੋਰਟ (ਦੋਸ਼ ਪੱਤਰ) ਨੂੰ ਅਤੇ ਇਸ ਰਿਪੋਰਟ ‘ਤੇ ਮੁਲਜ਼ਮ ਸੁਖਜਿੰਦਰ ਸਿੰਘ ਸੰਨੀ ਨੂੰ ਜਾਰੀ ਨੋਟਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਿੱਤੀ ਚੁਣੌਤੀ ਦੇ ਮਾਮਲੇ ‘ਚ ਸੀ.ਬੀ.ਆਈ.ਨੇ ਜਵਾਬ ਦਾਖ਼ਲ ਕਰਕੇ ਕਿਹਾ ਹੈ ਕਿ ਅਜੇ ਤੱਕ ਸੀ.ਬੀ.ਆਈ. ਨੂੰ ਕੇਸਾਂ ਦੀ ਜਾਂਚ ਦੇਣ ਦੀ ਨੋਟੀਫ਼ਿਕੇਸ਼ਨ ਰੱਦ ਨਹੀਂ ਹੋਈ ਹੈ, ਲਿਹਾਜ਼ਾ ਸੀ.ਬੀ.ਆਈ. ਦੇ ਬਰਾਬਰ ਦੂਜੀ ਏਜੰਸੀ ਦੀ ਜਾਂਚ ਕਰਨਾ ਗਲਤ ਹੈ। ਸੀ.ਬੀ.ਆਈ. ਨੇ ਇਹ ਵੀ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਇਕ ਫ਼ੈਸਲੇ ‘ਚ ਕਿਹਾ ਹੈ ਕਿ ਦਿੱਲੀ ਪੁਲਿਸ ਇਸਟੈਬਲਿਸ਼ਮੈਂਟ ਐਕਟ ਤਹਿਤ ਇਕ ਵਾਰ ਜੇਕਰ ਕੋਈ ਸੂਬਾ ਜਾਂਚ ਸੀ.ਬੀ.ਆਈ. ਨੂੰ ਦੇ ਦੇਵੇ ਤਾਂ ਉਹ ਜਾਂਚ ਵਾਪਸ ਨਹੀਂ ਲੈ ਸਕਦਾ ਤੇ ਉਂਜ ਵੀ ਇਸ ਮਾਮਲੇ ‘ਚ ਵਿਸ਼ੇਸ਼ ਮਜਿਸਟ੍ਰੇਟ ਸੀ.ਬੀ.ਆਈ. ਮੁਹਾਲੀ ਦੀ ਅਦਾਲਤ ‘ਚ ਕਲੋਜਰ ਰਿਪੋਰਟ ਦਾਖ਼ਲ ਕੀਤੀ ਜਾ ਚੁੱਕੀ ਸੀ, ਜਿਸ ਉਪਰੰਤ ਪੰਜਾਬ ਪੁਲਿਸ ਦੇ ਇਕ ਉਚ ਅਫ਼ਸਰ ਵਲੋਂ ਦਿੱਤੇ ਗਏ ਹੋਰ ਤੱਥਾਂ ‘ਤੇ ਅਗਲੇਰੀ ਜਾਂਚ ਕਰਨ ਲਈ ਸੀ.ਬੀ.ਆਈ. ਅਦਾਲਤ ‘ਚੋਂ ਇਜਾਜ਼ਤ ਮੰਗੀ ਹੋਈ ਹੈ, ਜਿਹੜੀ ਕਿ ਅਜੇ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ‘ਚ ਮੁੜ ਵਿਚਾਰ ਅਰਜ਼ੀ ਦਾਖ਼ਲ ਕੀਤੀ ਹੋਈ ਹੈ, ਜਿਸ ‘ਤੇ ਸੁਣਵਾਈ ਹੋਣੀ ਹੈ। ਇਨ੍ਹਾਂ ਤੱਥਾਂ ਨਾਲ ਸੀ.ਬੀ.ਆਈ. ਨੇ ਪਟੀਸ਼ਨਰ ਦਾ ਪੱਖ ਪੂਰਦਿਆਂ ਸਿੱਟ ਰੱਦ ਕਰਨ, ਸਿੱਟ ਵਲੋਂ ਦਾਖ਼ਲ ਦੋਸ਼ ਪੱਤਰਾਂ ‘ਤੇ ਅਗਲੀ ਅਦਾਲਤੀ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।


Share