ਸੀ.ਐੱਮ. ਦਾ ਚਿਹਰਾ ਚੁਣਨ ਲਈ ਕਾਂਗਰਸ ਵੱਲੋਂ ਸ਼ੁਰੂ ਕੀਤੇ ਸਰਵੇਖਣ ਵਿਚ ਚੰਨੀ ਸਭ ਤੋਂ ਅੱਗੇ, ਅਗਲੇ ਹਫਤੇ ਹੋ ਸਕਦੈ ਐਲਾਨ

137
Share

ਚੰਡੀਗੜ੍ਹ, 3 ਫਰਵਰੀ (ਪੰਜਾਬ ਮੇਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ ਹਫਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਕਾਂਗਰਸ ਵੱਲੋਂ ਸ਼ੁਰੂ ਕੀਤੇ ਸਰਵੇਖਣ ਵਿਚ ਚੰਨੀ ਸਭ ਤੋਂ ਅੱਗੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ, ਵਰਕਰਾਂ ਅਤੇ ਪਾਰਟੀ ਦੇ ਸੰਸਦ ਮੈਂਬਰਾਂ ਦੀ ਰਾਏ ਦਰਜ ਕੀਤੀ ਜਾ ਰਹੀ ਹੈ, ਤਾਂ ਜੋ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲੜਾਈ ਤੋਂ ਬਚਿਆ ਜਾ ਸਕੇ।
ਪਾਰਟੀ ਆਟੋਮੇਟਿਡ ਕਾਲ ਸਿਸਟਮ ਰਾਹੀਂ ਮੁੱਖ ਮੰਤਰੀ ਦੇ ਚਿਹਰੇ ’ਤੇ ਉਨ੍ਹਾਂ ਦੀ ਰਾਏ ਜਾਣਨ ਲਈ ਆਮ ਲੋਕਾਂ ਨੂੰ ਵੀ ਬੁਲਾ ਰਹੀ ਹੈ। ਪਾਰਟੀ ਦਾ ਟੀਚਾ ਅਗਲੇ 3 ਤੋਂ 4 ਦਿਨਾਂ ’ਚ ਕਰੀਬ 1.5 ਕਰੋੜ ਲੋਕਾਂ ਨੂੰ ਸਿਸਟਮ ਰਾਹੀਂ ਬੁਲਾਉਣ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਕੋਆਰਡੀਨੇਟਰ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਸਾਰੇ ਉਮੀਦਵਾਰਾਂ ਤੋਂ ਰਾਏ ਲੈ ਕੇ ਜਲਦੀ ਹੀ ਪਾਰਟੀ ਦੀ ਵਾਗਡੋਰ ਸੌਂਪਣ ਲਈ ਪਹੁੰਚ ਰਹੇ ਹਨ।
ਇਸ ਦੌਰਾਨ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਲਈ ਪਾਰਟੀ ਦੇ ਰਾਜ ਸਭਾ ਅਤੇ ਪੰਜਾਬ ਦੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ, ਤਾਂ ਜੋ ਦੋਵਾਂ ਨੇਤਾਵਾਂ ਨੂੰ ਫੀਡਬੈਕ ਦਿੱਤਾ ਜਾ ਸਕੇ। ਪਾਰਟੀ ਦੇ ਇਕ ਸੀਨੀਅਰ ਮੈਂਬਰ ਨੇ ਮੀਡੀਆ ਰਿਪੋਰਟ ’ਚ ਕਿਹਾ ਹੈ ਕਿ ਪਾਰਟੀ ਇਹ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਕ ਰਾਏ ਹੈ ਕਿ ਸਾਰੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ ਅਤੇ ਜੋ ਕੋਈ ਵੀ ਸਰਵੇਖਣ ਵਿਚ ਹਾਰਦਾ ਹੈ ਉਸ ਨੂੰ ਕਿਸੇ ਵੀ ਤਰੀਕੇ ਨਾਲ ਨਤੀਜੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ।
ਪਾਰਟੀ ਦੇ ਇਕ ਆਗੂ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਦੋਵਾਂ ਨੂੰ ਸਰਵੇਖਣ ਦਾ ਫੈਸਲਾ ਮੰਨਣਾ ਪਵੇਗਾ ਕਿਉਂਕਿ ਉਹ ਰਾਹੁਲ ਗਾਂਧੀ ਨਾਲ ਪਹਿਲਾਂ ਇਸ ਲਈ ਸਹਿਮਤ ਹੋ ਚੁੱਕੇ ਹਨ। ਸੂਤਰਾਂ ਮੁਤਾਬਕ ਚੰਨੀ ਆਪਣੇ ਸ਼ੁਰੂਆਤੀ ਰੁਝਾਨਾਂ ’ਚ ਅੱਗੇ ਚੱਲ ਰਹੇ ਹਨ, ਪਰ ਪਾਰਟੀ ਸਬੂਤਾਂ ਸਮੇਤ ਇਸ ਦਾ ਐਲਾਨ ਕਰਨ ਲਈ ਕਾਫੀ ਸਮਾਂ ਲੈਣਾ ਚਾਹੁੰਦੀ ਹੈ, ਤਾਂ ਜੋ ਸਿੱਧੂ ਦੇ ਗੁੱਸੇ ’ਤੇ ਕਾਬੂ ਪਾਇਆ ਜਾ ਸਕੇ। ਸਰਵੇ ਵਿਚ ਚੰਨੀ ਅਤੇ ਸਿੱਧੂ ਬਾਰੇ ਹੀ ਸਵਾਲ ਪੁੱਛੇ ਜਾ ਰਹੇ ਹਨ। ਇਸ ਤਰ੍ਹਾਂ ਪਾਰਟੀ ਸਪੱਸ਼ਟ ਕਰ ਰਹੀ ਹੈ ਕਿ ਦੌੜ ਵਿਚ ਕੋਈ ਹੋਰ ਚਿਹਰਾ ਨਹੀਂ ਹੈ। ਕਾਂਗਰਸ ਦੇ ਇਸ ਸਰਵੇਖਣ ਵਿਚ ਪੰਜਾਬੀ ਭਾਸ਼ਾ ਵਿਚ ਤਿੰਨ ਸਵਾਲ ਹਨ ਅਤੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਵਿਕਲਪ ਦਾ ਬਟਨ ਦਬਾ ਕੇ ਆਈ.ਵੀ.ਆਰ. ਬਾਰੇ ਆਪਣੀ ਰਾਏ ਦੇਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਤੋਂ ਫੀਡਬੈਕ ਲੈਣ ਲਈ ਟੈਲੀ ਕਾਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਤਿੰਨ ਸੁਆਲ ਪੁੱਛੇ ਜਾ ਰਹੇ ਹਨ ਕਿ ਕੀ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ। ਕੀ ਤੁਸੀਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹੋ। ਤੀਜਾ ਸੁਆਲ ਇਹ ਕਿ ਕੀ ਤੁਸੀਂ ਸਾਂਝੀ ਅਗਵਾਈ ’ਚ ਚੋਣ ਲੜੇ ਜਾਣ ਦੇ ਪੱਖ ਵਿਚ ਹੋ। ਇਸ ਫੀਡਬੈਕ ਦੌਰਾਨ ਹੀ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੇ ਸਰਗਰਮੀ ਫੜ ਲਈ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੇ ਹਲਕੇ ਅੰਮਿ੍ਰਤਸਰ (ਪੂਰਬੀ) ਵਿਚ ਰੱਖੇ ਚੋਣ ਪ੍ਰੋਗਰਾਮਾਂ ਨੂੰ ਰੱਦ ਕਰਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਚਲੇ ਗਏ ਹਨ। ਉਨ੍ਹਾਂ ਦੇ ਵਿਰੋਧੀ ਇਸ ਦੇ ਸਿਆਸੀ ਮਾਅਨੇ ਕੱਢਣ ਲੱਗੇ ਹਨ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਇਕ ਇੰਟਰਵਿਊ ’ਚ ਆਖਿਆ ਹੈ ਕਿ ਅਗਰ ਉਨ੍ਹਾਂ ਨੂੰ ਸਿਖਰਲੀ ਪੁਜ਼ੀਸ਼ਨ ਨਹੀਂ ਮਿਲਦੀ ਹੈ, ਤਾਂ ਉਹ ਆਪਣੇ ਰਵਾਇਤੀ ਪੇਸ਼ੇ ਵਿਚ ਵਾਪਸ ਚਲੇ ਜਾਣਗੇ। ਸਿਆਸੀ ਹਲਕੇ ਮੰਨਦੇ ਹਨ ਕਿ ਅਸਲ ਵਿਚ ਨਵਜੋਤ ਸਿੱਧੂ ਨੇ ਹਾਈਕਮਾਨ ’ਤੇ ਦਬਾਓ ਬਣਾਉਣ ਲਈ ਹੀ ਇਹ ਪੈਂਤੜਾ ਲਿਆ ਹੈ।
ਇਸੇ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸੁਲਤਾਨਪੁਰ ਲੋਧੀ ਵਿਚ ਆਪਣੇ ਉਮੀਦਵਾਰ ਨੂੰ ਜਿਤਾ ਲੈਣ। ਚੇਤੇ ਰਹੇ ਕਿ ਸਿੱਧੂ ਨੇ ਮੌਜੂਦਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਵਿਚ ਪਹਿਲਾਂ ਇਕ ਰੈਲੀ ਕੀਤੀ ਸੀ, ਜਦੋਂ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਲੜਕੇ ਨੂੰ ਆਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਵਿਚ ਖੜ੍ਹਾ ਕੀਤਾ ਹੈ। ਨਵਜੋਤ ਸਿੱਧੂ ਦੀ ਹਲਕੇ ਵਿਚ ਵੀ ਘੇਰਾਬੰਦੀ ਹੋ ਰਹੀ ਹੈ। ਪਾਰਟੀ ਹਾਈਕਮਾਨ ਵੱਲੋਂ ਉੱਤਰਾਖੰਡ ਚੋਣਾਂ ਲਈ ਲਾਏ ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਨਵਜੋਤ ਸਿੱਧੂ ਦਾ ਨਾਂ ਗ਼ਾਇਬ ਹੋਣ ’ਤੇ ਸਿਆਸੀ ਚਰਚੇ ਛਿੜੇ ਹਨ।
ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਜਾਪਦੇ ਹਨ, ਜਿਸ ਕਰ ਕੇ ਉਨ੍ਹਾਂ ਭਦੌੜ ਹਲਕੇ ਤੋਂ ਵੀ ਕਾਗ਼ਜ਼ ਦਾਖਲ ਕੀਤੇ ਹਨ। ਸਿਆਸੀ ਹਲਕੇ ਅਨੁਮਾਨ ਲਾ ਰਹੇ ਹਨ ਕਿ ਚਰਨਜੀਤ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾਉਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਹਾਈਕਮਾਨ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਮੈਦਾਨ ਵਿਚ ਉਤਾਰ ਸਕਦੀ ਹੈ। ਚੰਨੀ ਦੇ ਕਰੀਬੀ ਰਿਸ਼ਤੇਦਾਰ ’ਤੇ ਈ.ਡੀ. ਦੀ ਛਾਪਾਮਾਰੀ ਨੇ ਹਾਲਾਂਕਿ ਉਨ੍ਹਾਂ ਦੇ ਅਕਸ ਨੂੰ ਜ਼ਰੂਰ ਢਾਹ ਲਾਈ ਹੈ। ਇਸੇ ਦੌਰਾਨ ਰਾਜਪਾਲ ਪੰਜਾਬ ਵੱਲੋਂ ਵੀ ਗ਼ੈਰਕਾਨੂੰਨੀ ਖਣਨ ਮਾਮਲੇ ਵਿਚ ਚੰਨੀ ਖ਼ਿਲਾਫ਼ ਪੜਤਾਲ ਦੇ ਹੁਕਮ ਜਾਰੀ ਕਰਨੇ ਵੀ ਇਸੇ ਕੜੀ ਦਾ ਇਕ ਹਿੱਸਾ ਹੋ ਸਕਦਾ ਹੈ।

Share