ਸੀਨੀਅਰ ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਵੱਲੋਂ ਮਹਾਗੱਠਜੋੜ ਦੀ ਵੱਡੀ ਜਿੱਤ ਦਾ ਦਾਅਵਾ

468
Share

-ਸ਼ਤਰੂਘਨ ਦਾ ਪੁੱਤਰ ਲਵ ਸਿਨਹਾ ਵੀ ਚੋਣ ਮੈਦਾਨ ‘ਚ
ਨਵੀਂ ਦਿੱਲੀ/ਪਟਨਾ, 3 ਨਵੰਬਰ (ਪੰਜਾਬ ਮੇਲ)-ਸੀਨੀਅਰ ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਆਰਜੇਡੀ ਆਗੂ ਤੇਜਸਵੀ ਯਾਦਵ ਦੇ ਆਲੋਚਕ 10 ਨਵੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ‘ਖ਼ਾਮੋਸ਼’ ਹੋ ਜਾਣਗੇ ਕਿਉਂਕਿ ‘ਮਹਾਗੱਠਜੋੜ’ ਵੱਡੀ ਜਿੱਤ ਵੱਲ ਵੱਧ ਰਿਹਾ ਹੈ। ਅਦਾਕਾਰੀ ਤੋਂ ਸਿਆਸਤ ਵਿਚ ਆਏ ਸਿਨਹਾ ਨੇ ਕਿਹਾ ਕਿ ਮਹਾਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਖ਼ਿਲਾਫ਼ ਐੱਨ.ਡੀ.ਏ. ਵੱਲੋਂ ਕੀਤੇ ਜਾ ਰਹੇ ਨਿੱਜੀ ਸ਼ਬਦੀ ਹਮਲੇ ਦਿਖਾਉਂਦੇ ਹਨ ਕਿ ਉਹ ਯਾਦਵ ਦੇ ਪੂਰੀ ਤਰ੍ਹਾਂ ਸੋਚ-ਸਮਝ ਕੇ ਕੀਤੇ ਗਏ ਦਸ ਲੱਖ ਨੌਕਰੀਆਂ ਦੇ ਵਾਅਦੇ ਤੋਂ ‘ਹਿੱਲ ਗਏ ਹਨ।’ ਸ਼ਤਰੂਘਨ ਨੇ ਕਿਹਾ ਕਿ ਜਿਹੜੇ ਤੇਜਸਵੀ ਦੇ ਤਜਰਬੇ ਉਤੇ ਸਵਾਲ ਉਠਾ ਰਹੇ, ਉਹ ਜਲਦੀ ‘ਖ਼ਾਮੋਸ਼’ ਹੋ ਜਾਣਗੇ। ਇਕ ਇੰਟਰਵਿਊ ਵਿਚ ਸਿਨਹਾ ਨੇ ਕਿਹਾ ਕਿ ‘ਕੰਧ ਉਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ’ ਕਿ ‘ਮਹਾਗੱਠਜੋੜ’ ਹੀ ‘ਮਹਾ ਜਿੱਤ’ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਸਾਰੇ ਦੇਖ ਸਕਦੇ ਹਨ ਕਿ ਕਿਵੇਂ ਮਹਾਗੱਠਜੋੜ ਨੂੰ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਨੌਜਵਾਨ ਵਰਗ ਤੇਜਸਵੀ ਬਾਰੇ ਗੱਲਾਂ ਕਰ ਰਿਹਾ ਹੈ ਤੇ ਉਹ ਵੀ ਉਨ੍ਹਾਂ ਨੂੰ ਅਗਵਾਈ ਦੇ ਰਹੇ ਹਨ। ਸੰਭਾਵਨਾਵਾਂ ਤੇ ਉਤਸ਼ਾਹ ਨਾਲ ਭਰੇ ਤੇਜਸਵੀ ਆਪਣੀ ਨੌਜਵਾਨ ਟੀਮ ਨਾਲ ਆਰਜੇਡੀ-ਕਾਂਗਰਸ-ਖੱਬੇ ਪੱਖੀ ਗੱਠਜੋੜ ਦੀ ਬਿਹਾਰ ਵਿਚ ਸਰਕਾਰ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਵੀ ਇਹੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਤੇਜਸਵੀ ਜਿਸ ਵੀ ਮੰਚ ਉਤੇ ਜਾਂਦੇ ਹਨ, ਭਰਵਾਂ ਹੁੰਗਾਰਾ ਮਿਲਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਕਈ ਸਾਲ ਭਾਜਪਾ ਦਾ ਹਿੱਸਾ ਰਹੇ ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸਿਨਹਾ ਦਾ ਪੁੱਤਰ ਲਵ ਸਿਨਹਾ ਵੀ ਬਿਹਾਰ ਵਿਧਾਨ ਸਭਾ ਦੀ ਚੋਣ ਲੜ ਰਿਹਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਦੇ ਮੁੱਦੇ ਉਤੇ ਗੱਲ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਮੋਦੀ ਦੇ ਦਾਅਵਿਆਂ ਦੇ ਉਲਟ ‘ਕਾਂਗਰਸ ਮੁਕਤ ਭਾਰਤ’ ਨਹੀਂ ਪਰ ‘ਕਾਂਗਰਸ ਯੁਕਤ ਭਾਰਤ’ ਸਿਰਜਿਆ ਜਾ ਰਿਹਾ ਹੈ


Share