ਸਿੱਧੂ ਮੂਸੇਵਾਲਾ ਦਾ ਗੀਤ ‘ਐਸ.ਵਾਈ.ਐੱਲ.’ ਯੂਟਿਊਬ ’ਤੇ ਰਿਲੀਜ਼

11
Share

ਗੀਤ ਸੁਣਨ ਵਾਲਿਆਂ ਦੀ ਗਿਣਤੀ ਅੱਧੇ ਘੰਟੇ ’ਚ ਹੀ 5 ਲੱਖ ਤੋਂ ਟੱਪੀ; ਸਿੱਧੂ ਮੂਸੇਵਾਲਾ ਦੇ ਪਿੰਡ ਖੇਤਾਂ ਵਿਚ ਗੂੰਜਿਆ ਗੀਤ
ਮਾਨਸਾ, 23 ਜੂਨ (ਪੰਜਾਬ ਮੇਲ)- ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਐੱਸ.ਵਾਈ.ਐਲ’ ਗੀਤ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਸ ਗਾਣੇ ਨੂੰ ਇੱਕੋ ਸਮੇਂ ਸੁਣਨ ਵਾਲੇ ਪ੍ਰਸੰਸਕਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ। ਇਹ ਗੀਤ ਪੰਜਾਬ ਦੀ ਤਰਾਸਦੀ ਅਤੇ ਨਿਧੜਕ ਕਲਮ ਦੀ ਗਵਾਹੀ ਭਰਦਾ ਹੈ। ਇਸ ਤੋਂ ਪਹਿਲਾਂ ਉਸ ਦੀ ਟੀਮ ਅਤੇ ਨੇੜਲੇ ਮੈਂਬਰਾਂ ਨੇ ਦੱਸਿਆ ਸੀ ਕਿ ਇਹ ਅੱਜ ਸ਼ਾਮ 6 ਵਜੇ ਗੀਤ ਯੂ-ਟਿਊਬ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰਾਜਨੀਤਿਕ ਗਲਿਆਰਿਆਂ ਅਤੇ ਨੌਜਵਾਨ ਪੀੜ੍ਹੀ ਅੰਦਰ ਇਸ ਦੀ ਚਰਚਾ ਜ਼ੋਰਾਂ ’ਤੇ ਸੀ। ਰਿਲੀਜ਼ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਚ ਖੇਤਾਂ ਵਿਚ ਉਚੀ-ਉਚੀ ਆਵਾਜ਼ ਵਿਚ ਨੌਜਵਾਨ ਇਸ ਗੀਤ ਨੂੰ ਸੁਣਦੇ ਵੇਖੇ ਗਏ। ਖੇਤਾਂ ਵਿਚ ਕੰਮ ਕਰਦੇ ਨੌਜਵਾਨ ਅਤੇ ਝੋਨਾ ਲਾ ਰਹੇ ਮਜ਼ਦੂਰਾਂ ਵੱਲੋਂ ਟਰੈਕਟਰਾਂ ਦੇ ਡੈਕਾਂ ਜ਼ਰੀਏ ਇਸ ਗੀਤ ਨੂੰ ਸੁਣਿਆ ਗਿਆ, ਜਦੋਂਕਿ ਘਰਾਂ ਵਿਚ ਔਰਤਾਂ ਅਤੇ ਬੁਜ਼ਰਗਾਂ ਵੱਲੋਂ ਗੀਤ ਨੂੰ ਸੁਣ ਕੇ ਬੇਹੱਦ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦਾ ਇਹ ਗੀਤ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹੀ ਰਿਕਾਰਡ ਹੋ ਚੁੱਕਾ ਸੀ। ਯੂ-ਟਿਊਬ ’ਤੇ ਆਏ ਐੱਸ.ਵਾਈ.ਐੱਲ ਗੀਤ ਨੇ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਅੰਦਰ ਵੱਖ-ਵੱਖ ਸਮੇਂ ’ਤੇ ਰਹੀਆਂ ਸਰਕਾਰਾਂ, ਉਨ੍ਹਾਂ ਦਾ ਕਾਰਗੁਜ਼ਾਰੀ ਨੂੰ ਪਰਖਦੇ ਇਸ ਗੀਤ ਰਾਹੀਂ ਪੰਜਾਬ ਲਈ ਹਿਮਾਚਲ, ਚੰਡੀਗੜ੍ਹ ਅਤੇ ਹਰਿਆਣਾ ਮੰਗਿਆ ਗਿਆ ਹੈ, ਜਿਸ ’ਤੇ ਲੰਬੇ ਸਮੇਂ ਤੋਂ ਵਿਵਾਦ ਚੱਲਦੇ ਆ ਰਹੇ ਹਨ।

Share