ਸਿੱਧੂ ਮੂਸੇਵਾਲਾ ਦਾ ‘ਐੱਸ.ਵਾਈ.ਐੱਲ.’ ਗੀਤ ਯੂ-ਟਿਊਬ ’ਤੇ ਬੈਨ

45
Share

ਯੂ-ਟਿਊਬ ਵੱਲੋਂ ਕੇਂਦਰ ਸਰਕਾਰ ਦੀ ਸ਼ਿਕਾਇਤ ’ਤੇ ਫ਼ੈਸਲਾ ਲੈਣ ਦਾ ਦਾਅਵਾ
ਮਾਨਸਾ, 27 ਜੂਨ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਸ਼ਰਧਾਂਜਲੀ ਵਜੋਂ ਰਿਲੀਜ਼ ਰਿਲੀਜ਼ ਹੋਏ ਨਵੇਂ ਗੀਤ ‘ਐੱਸ.ਵਾਈ.ਐੱਲ.’ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਵਿਚ ਪੰਜਾਬ ਅਤੇ ਹਰਿਆਣਾ ਵਿਚਕਾਰ ਐੱਸ.ਵਾਈ.ਐੱਲ. (ਸਤਲੁਜ-ਯੁਮਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਉਭਾਰੇ ਗਏ ਸਨ, ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਸੀ। ਯੂ-ਟਿਊਬ ’ਤੇ ਗਾਣੇ ਦੇ ਲਿੰਕ ’ਤੇ ਕਲਿਕ ਕਰਨ ’ਤੇ ਪਤਾ ਲੱਗਦਾ ਹੈ ਕਿ ਕੇਂਦਰ ਦੀ ਸ਼ਿਕਾਇਤ ਮਗਰੋਂ ‘ਐੱਸ.ਵਾਈ.ਐੱਲ.’ ਗਾਣੇ ਨੂੰ ਭਾਰਤ ’ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਹੁਣ ਤੱਕ 2.8 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਵਪਾਰਕ ਪੱਖੋਂ ਇਹ ਗੀਤ ਪਹਿਲੇ ਨੰਬਰ ’ਤੇ ਆ ਗਿਆ ਸੀ, ਜਿਸ ਦੇ 3.4 ਕਰੋੜ ਕੁਮੈਂਟ ਵੀ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਇਹ ਗੀਤ ਇਕ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਗੀਤ ਨੂੰ ਵੱਡੇ ਪੱਧਰ ਉਤੇ ਲੋਕਾਂ ਅਤੇ ਨੌਜਵਾਨਾਂ ਵਲੋਂ ਪਸੰਦ ਕੀਤਾ ਗਿਆ ਸੀ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਇਸ ਨੂੰ ਲੈ ਕੇ ਵੱਡੀ ਦਿਲਚਸਪੀ ਬਣੀ ਹੋਈ ਹੈ।
ਇਕ ਪੁਲਿਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਮੰਨਿਆ ਹੈ ਕਿ ਗੀਤ ਉਪਰ ਯੂ-ਟਿਊਬ ’ਤੇ ਬੈਨ ਲਗਾ ਦਿੱਤਾ ਗਿਆ ਹੈ। ਇਹ ਗੀਤ 23 ਜੂਨ ਨੂੰ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਸਮਾਂ ਮੁਕੰਮਲ ਹੋਣ ਮਗਰੋਂ ਸ਼ਾਮ 6 ਵਜੇ ਰਿਲੀਜ਼ ਕੀਤਾ ਗਿਆ ਸੀ। ਜਦੋਂ ਸੰਗਰੂਰ ’ਚ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਾਰ ਹੋਈ ਹੈ, ਤਾਂ ਉਸ ਵੇਲੇ ਇਸ ਗੀਤ ਨੂੰ ਹਟਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 4 ਮਿੰਟ 9 ਸੈਕਿੰਡ ਦੇ ਇਸ ਗੀਤ ਵਿਚ ਸਿੱਧੂ ਮੂਸੇਵਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ੁਰੂ ਹੋਏ ਕਿਸਾਨ ਅੰਦੋਲਨ ਅਤੇ ਲਾਲ ਕਿਲ੍ਹੇ ’ਤੇ ਝੰਡਾ ਲਗਾਉਣ ਦਾ ਜ਼ਿਕਰ ਵੀ ਕੀਤਾ ਹੈ, ਜਦੋਂ ਕਿ ਪੰਜਾਬ ਦੇ ਪਾਣੀਆਂ ਦੇ ਜ਼ਿਕਰ ਦੇ ਨਾਲ ਦਿੱਲੀ ਦੇ ਨੇਤਾਵਾਂ ਵੱਲੋਂ ਸੂਬੇ ਨਾਲ ਕੀਤੀਆਂ ਗਈਆਂ ਵਧੀਕੀਆਂ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਕੀਤੀ ਗਈ ਵੰਡ ਨੂੰ ਜ਼ੋਰਦਾਰ ਢੰਗ ਨਾਲ ਉਭਾਰਦਿਆਂ ਇਸ ’ਤੇ ਵਿਅੰਗ ਕੱਸਿਆ ਗਿਆ ਹੈ।
ਸਿਮਰਨਜੀਤ ਸਿੰਘ ਮਾਨ ਅਤੇ ਬਾਦਲ ਦਲ ਨੇ ਵੀ ਕੀਤਾ ਵਿਰੋਧ
ਅਕਾਲੀ ਦਲ (ਅੰਮਿ੍ਰਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ‘ਐੱਸ.ਵਾਈ.ਐੱਲ.’ ਗੀਤ ’ਤੇ ਪਾਬੰਦੀ ਦਾ ਵਿਰੋਧ ਕੀਤਾ ਹੈ। ਅਕਾਲੀ ਦਲ (ਅੰਮਿ੍ਰਤਸਰ) ਦੇ ਸਕੱਤਰ ਜਨਰਲ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ‘ਐੱਸ.ਵਾਈ.ਐੱਲ.’ ਗੀਤ ਨੂੰ ਸੌ ਫੀਸਦੀ ਸੱਚ ਆਖਦਿਆਂ ਕਿਹਾ ਕਿ ਇਸ ਵਿਚ ਪੰਜਾਬ ਦਾ ਦੁਖਾਂਤ ਦਿਖਾਇਆ ਗਿਆ ਹੈ, ਜਿਸ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਨ੍ਹਾਂ ਕਿਹਾ ਕਿ ਐੱਸ.ਵਾਈ.ਐੱਲ. ਨਹਿਰ ਨੂੰ ਪੰਜਾਬ ਵਿਚ ਪੂਰਨ ਦਾ ਸਭ ਤੋਂ ਪਹਿਲਾਂ ਸੱਦਾ ਹੀ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਦੌਰਾਨ ਇਸ ਗੀਤ ’ਤੇ ਲਾਈ ਗਈ ਪਾਬੰਦੀ ਦਾ ਪਾਰਟੀ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਕੇ ਕਿਹਾ ਕਿ ‘ਐੱਸ.ਵਾਈ.ਐੱਲ.’ ਗੀਤ ਦਰਿਆਈ ਪਾਣੀਆਂ ਅਤੇ ਬੰਦੀ ਸਿੰਘਾਂ ਦੀ ਤਕਲੀਫ਼ ਸਬੰਧੀ ਰਿਪੇਰੀਅਨ ਸਿਧਾਂਤ ਅਤੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬਹਾਨੇ ਨਾਲ ਇਸ ਗੀਤ ’ਤੇ ਪਾਬੰਦੀ ਲਾਉਣੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਜਮਹੂਰੀ ਅਧਿਕਾਰ ਅਤੇ ਲਿਖਣ-ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾਂਦਾ ਹੈ।
ਮੂਸੇਵਾਲਾ ਦੇ ਪਰਿਵਾਰ ਵੱਲੋਂ ਗੀਤ ’ਤੇ ਪਾਬੰਦੀ ਦਾ ਵਿਰੋਧ
ਮਾਨਸਾ: ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ‘ਐੱਸ.ਵਾਈ.ਐੱਲ.’ ਗੀਤ ਨੂੰ ਯੂ-ਟਿਊਬ ਤੋਂ ਹਟਾਉਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇਹ ਗਲਤ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਦਾ ਗੀਤ ਪੰਜਾਬ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੀ ਨਹੀਂ ਉਭਾਰਦਾ ਹੈ, ਸਗੋਂ ਇਹ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨਾਲ ਦੁੱਖ ਪਹੁੰਚਦਾ ਹੈ ਕਿਉਂਕਿ ਇਸ ਗੀਤ ਨਾਲ ਕਿਸੇ ਦਾ ਕੋਈ ਜ਼ਾਤੀ ਜਾਂ ਨਿੱਜੀ ਨੁਕਸਾਨ ਨਹੀਂ ਹੁੰਦਾ ਹੈ ਅਤੇ ਇਹ ਨੌਜਵਾਨਾਂ ਦੀਆਂ ਭਾਵਨਾਵਾਂ ਤੇ ਦੇਸ਼ ਲਈ ਸਭ ਤੋਂ ਜ਼ਿਆਦਾ ਅਨਾਜ ਪੈਦਾ ਕਰਨ ਵਾਲੇ ਸੂਬੇ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਨੂੰ ਸੰਸਾਰ ਵਿਚ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਸੁਣਨਾ ਹੀ ਇਸ ਦੀ ਮਕਬੂਲੀਅਤ ਅਤੇ ਅਸਲੀਅਤ ਦਾ ਸਭ ਤੋਂ ਵੱਡਾ ਸਬੂਤ ਹੈ।

Share