ਸਿੱਧੂ ਮੂਸੇਵਾਲਾ ‘ਤੇ ਪੁਲਿਸ ਨੇ ਆਰਮਜ਼ ਐਕਟ ਅਧੀਨ ਧਾਰਾਵਾਂ ‘ਚ ਕੀਤਾ ਵਾਧਾ

784
Share

ਸੰਗਰੂਰ, 20 ਮਈ (ਪੰਜਾਬ ਮੇਲ)-ਬੀਤੀ 4 ਮਈ ਨੂੰ ਥਾਣਾ ਧਨੌਲਾ ਪੁਲਿਸ ਵਲੋਂ ਨੇੜਲੇ ਪਿੰਡ ਬਡਬਰ ਵਿਖੇ ਇਕ ਖੇਤ ‘ਚ ਇਕੱਠੇ ਹੋ ਕੇ ਏ.ਕੇ.-47 ਰਾਈਫ਼ਲ ਨਾਲ ਫਾਇਰ ਕਰਨ ਦੇ ਮਾਮਲੇ ‘ਚ ਗਾਇਕ ਸਿੱਧੂ ਮੂਸੇਵਾਲਾ ਸਮੇਤ ਕਰਮ ਸਿੰਘ ਲਹਿਲ ਸੰਗਰੂਰ, ਇੰਦਰ ਸਿੰਘ ਗਰੇਵਾਲ ਸੰਗਰੂਰ, ਜੰਗਸ਼ੇਰ ਸਿੰਘ ਪਟਿਆਲਾ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਗਗਨਦੀਪ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ‘ਤੇ ਆਈ.ਪੀ.ਸੀ. ਦੀ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ‘ਚ ਹਥਿਆਰਾਂ ਦੀ ਵਰਤੋਂ ਬਾਰੇ ਜ਼ਿਕਰ ਤਾਂ ਸੀ, ਪ੍ਰੰਤੂ ਆਰਮਜ਼ ਐਕਟ ਤਹਿਤ ਕੋਈ ਧਾਰਾ ਸ਼ਾਮਲ ਨਹੀਂ ਕੀਤੀ ਗਈ ਸੀ। ਪੁਲਿਸ ਵਲੋਂ ਗਾਇਕ ਸਿੱਧੂ ਮੂਸੇਵਾਲਾ ਉਪਰ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਨਾ ਕੀਤੇ ਜਾਣ ‘ਤੇ ਕੁਝ ਵਕੀਲਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀ.ਆਈ.ਐੱਲ. ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਦੌਰਾਨ ਪਟਿਆਲਾ ਰੇਂਜ ਦੇ ਆਈ.ਜੀ. ਸ਼੍ਰੀ ਜਤਿੰਦਰ ਸਿੰਘ ਔਲਖ ਵਲੋਂ ਮੁਕੱਦਮੇ ‘ਚ ਆਰਮਜ਼ ਐਕਟ ਦੀਆਂ ਧਾਰਾਵਾਂ ਲਾਉਣ ਬਾਰੇ ਦੱਸਿਆ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਐੱਸ.ਪੀ. ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ, ਕਰਮ ਸਿੰਘ ਲਹਿਲ ਸੰਗਰੂਰ, ਇੰਦਰ ਸਿੰਘ ਗਰੇਵਾਲ ਸੰਗਰੂਰ ਤੇ ਜੰਗਸ਼ੇਰ ਸਿੰਘ ਪਟਿਆਲਾ ਸਮੇਤ 5 ਪੁਲਿਸ ਮੁਲਾਜ਼ਮਾਂ ਸਹਾਇਕ ਥਾਣੇਦਾਰ ਬਲਕਾਰ ਸਿੰਘ, ਗਗਨਦੀਪ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਖ਼ਿਲਾਫ਼ ਥਾਣਾ ਧਨੌਲਾ ਵਿਖੇ ਦਰਜ ਪਰਚੇ ‘ਚ ਥਾਣਾ ਹੁਣ ਆਰਮਜ਼ ਐਕਟ ਅਧੀਨ ਧਾਰਾ 25 ਤੇ 30 ਅਤੇ ਆਈ.ਪੀ.ਸੀ. ਦੀ ਧਾਰਾ 120 (ਬੀ) ਤਹਿਤ ਵਾਧਾ ਕੀਤਾ ਗਿਆ ਹੈ। ਇਸੇ ਦੌਰਾਨ ਦੋ ਹਫ਼ਤੇ ਪਹਿਲਾਂ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਕੁਝ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਮਾਮਲੇ ‘ਚ ਆਰਮਜ਼ ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲੇ ਦੀ ਕੁਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸਦਰ ਪੁਲਿਸ ਥਾਣਾ ਧੂਰੀ ਵਿਖੇ ਆਈ.ਪੀ.ਸੀ. ਦੀ ਧਾਰਾ 188 ਅਤੇ ਡਾਇਜਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਅਧੀਨ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ‘ਚ ਗਾਇਕ ਮੂਸੇਵਾਲਾ ਅਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਦਰਜ ਮਾਮਲੇ ‘ਚ ਆਰਮਜ਼ ਐਕਟ ਦੀ ਧਾਰਾ 25, 29 ਅਤੇ 30 ਦਾ ਵਾਧਾ ਕਰਦਿਆਂ ਇਸ ਮਾਮਲੇ ਦੀ ਜਾਂਚ ਐੱਸ.ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਨੂੰ ਸੌਂਪ ਦਿੱਤੀ ਗਈ। ਡਾ. ਗਰਗ ਨੇ ਕਿਹਾ ਕਿ ਵਾਧਾ ਕੀਤੀਆਂ ਧਾਰਾਵਾਂ ਗੈਰ-ਜ਼ਮਾਨਤੀ ਹਨ ਅਤੇ ਗ੍ਰਿਫ਼ਤਾਰੀ ਜਲਦ ਹੀ ਹੋ ਜਾਵੇਗੀ।
ਵਿਵਾਦ ‘ਚ ਆਏ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਪੁਲਿਸ ਦੀ ਕਾਰਵਾਈ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੰਤੁਸ਼ਟੀ ਪ੍ਰਗਟਾਈ ਹੈ। ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਵਲੋਂ ਹੁਣ ਤੱਕ ਮੂਸੇਵਾਲਾ ‘ਤੇ ਕੀਤੀ ਕਾਰਵਾਈ ਦੀ ਜਾਣਕਾਰੀ ਦੇਣ ਉਪਰੰਤ ਚੀਫ਼ ਜਸਟਿਸ ਆਰ.ਐੱਸ. ਝਾਅ ਤੇ ਜਸਟਿਸ ਅਰੁਣ ਪੱਲੀ ਦੀ ਡਵੀਜ਼ਨ ਬੈਂਚ ਨੇ ਉਸ ਜਨਤਕ ਪਟੀਸ਼ਨ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਪਟੀਸ਼ਨ ‘ਚ ਚੰਡੀਗੜ੍ਹ ਦੇ ਇਕ ਵਕੀਲ ਰਵੀ ਜੋਸ਼ੀ ਨੇ ਢੁੱਕਵੀਂ ਕਾਰਵਾਈ ਨਾ ਕਰਦਿਆਂ ਮੂਸੇਵਾਲਾ ਅਤੇ ਪੁਲਿਸ ਵਾਲਿਆਂ ‘ਤੇ ਹਲਕੀ ਕਾਰਵਾਈ ਕਰਨ ਦਾ ਦੋਸ਼ ਲਗਾਇਆ ਸੀ ਅਤੇ ਨਾਲ ਹੀ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਆਈ.ਜੀ. ਔਲਖ ਨੇ ਪਹਿਲਾਂ ਆਪਣੇ ਜਵਾਬ ‘ਚ ਕਿਹਾ ਸੀ ਕਿ ਕਰਫ਼ਿਊ ਨਿਯਮਾਂ ਨੂੰ ਤੋੜ ਕੇ ਬਾਹਰ ਨਿਕਲਣ ਅਤੇ ਫਾਇਰਿੰਗ ਕਰਨ ਕਾਰਨ ਮੂਸੇਵਾਲਾ ਤੇ ਉਸ ਦੇ ਨਾਲ ਪੁਲਿਸ ਵਾਲਿਆਂ ਵਿਰੁੱਧ ਧਨੌਲਾ ਥਾਣੇ ‘ਚ ਪਰਚਾ ਦਰਜ ਕੀਤਾ ਸੀ ਅਤੇ ਲੱਢਾ ਕੋਠੀ ਫਾਇਰਿੰਗ ਰੇਂਜ ਵਿਖੇ ਪਿਸਟਲ ਨਾਲ ਗੋਲੀ ਚਲਾਉਣ ‘ਤੇ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਾਮਲਿਆਂ ‘ਚ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅਫ਼ਸਰ ਜਾਂਚ ਕਰ ਰਹੇ ਹਨ, ਸੀ.ਐੱਫ.ਐੱਸ.ਐੱਲ. ਰਿਪੋਰਟ ਆਉਣੀ ਬਾਕੀ ਹੈ ਅਤੇ ਹੁਣ ਦੋਵਾਂ ਮਾਮਲਿਆਂ ‘ਚ ਆਰਮਜ਼ ਐਕਟ ਵੀ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਗਿਆ ਹੈ


Share