ਸਿੱਧੂ ਮੂਸੇਵਾਲਾ ਕਤਲ ਮਾਮਲਾ: ਚਸ਼ਮਦੀਦ ਨੇ ਥਾਰ ’ਚ ਬੈਠੇ ਦੋਸਤਾਂ ’ਤੇ ਗੰਭੀਰ ਦੋਸ਼ ਲਾਏ

43
Share

-ਕਾਤਲਾਂ ਨੂੰ ਫੜਨ ’ਚ ਪੁਲਿਸ ਦੀ ਲਾਪ੍ਰਵਾਹੀ ਵੀ ਕੀਤੀ ਉਜਾਗਰ
ਚੰਡੀਗੜ੍ਹ/ਮਾਨਸਾ, 17 ਅਗਸਤ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਕ ਚਸ਼ਮਦੀਦ ਸਾਹਮਣੇ ਆਇਆ ਹੈ। ਖੁਦ ਨੂੰ ਸਾਬਕਾ ਫੌਜੀ ਦੱਸ ਰਹੇ ਚਸ਼ਮਦੀਦ ਨੇ ਥਾਰ ਵਿਚ ਬੈਠੇ ਮੂਸੇਵਾਲਾ ਦੇ ਦੋਸਤਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਸੰਬੰਧੀ ਚਸ਼ਮਦੀਦ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਅਤੇ ਮੂਸੇਵਾਲਾ ਦੇ ਦੋਸਤਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਚਸ਼ਮਦੀਦ ਨੇ ਕਾਤਲਾਂ ਨੂੰ ਫੜਨ ਵਿਚ ਪੁਲਿਸ ਦੀ ਲਾਪ੍ਰਵਾਹੀ ਵੀ ਉਜਾਗਰ ਕੀਤੀ ਹੈ।
ਸਿੱਧੂ ਮੂਸੇਵਾਲਾ ਕਤਲ ਦੇ ਚਸ਼ਮਦੀਦ ਨੇ ਕਿਹਾ ਕਿ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਸੀ ਕਿ ਕਾਤਲ ਹੁਣੇ ਭੱਜੇ ਹਨ। ਬੋਲੈਰੋ ਵਿਚ 4 ਲੋਕ ਹਰਿਆਣਾ ਵੱਲ ਭੱਜੇ, ਜਦਕਿ 2 ਪੰਜਾਬੀ ਜੋ ਕਿ ਪੰਜਾਬ ਦੇ ਅੰਦਰ ਹੀ ਹਨ। ਜੇਕਰ ਪੁਲਿਸ ਨੇ ਉਸੇ ਸਮੇਂ ਕਾਰਵਾਈ ਕਰਦੇ ਹੋਏ ਤੁਰੰਤ ਨਾਕਾਬੰਦੀ ਕੀਤੀ ਹੁੰਦੀ, ਤਾਂ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ। ਚਸ਼ਮਦੀਦ ਨੇ ਕਿਹਾ ਕਿ ਸਿੱਧੂ ਦੇ ਕਤਲ ਸਮੇਂ ਥਾਰ ਪੂਰੀ ਤਰ੍ਹਾਂ ਬੰਦ ਸੀ, ਜਦਕਿ ਇਹ ਆਖਿਆ ਜਾ ਰਿਹਾ ਹੈ ਕਿ ਸਿੱਧੂ ਨੇ ਦੋ ਫਾਇਰ ਕੀਤੇ ਹਨ, ਜੇ ਥਾਰ ਬੰਦ ਸੀ, ਤਾਂ ਫਾਇਰ ਕਿਵੇਂ ਹੋ ਸਕਦੇ ਹਨ। ਉਕਤ ਨੇ ਕਿਹਾ ਕਿ ਕਤਲ ਤੋਂ ਬਾਅਦ ਲਗਭਗ 20 ਤੋਂ 22 ਮਿੰਟ ਤੱਕ ਥਾਰ ਦੇ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਗੱਡੀ ਦਾ ਲਾਕ ਤੱਕ ਨਹੀਂ ਖੋਲ੍ਹਿਆ। ਮੂਸੇਵਾਲਾ ਦੇ ਨਾਲ ਬੈਠੇ ਨੌਜਵਾਨ ਅੰਦਰ ਹੀ ਰਹੇ। ਪਿੰਡ ਦੇ ਨੌਜਵਾਨਾਂ ਨੇ ਥਾਰ ਦੇ ਸ਼ੀਸ਼ੇ ਤੋੜੇ ਅਤੇ ਸਿੱਧੂ ਨੂੰ ਬਾਹਰ ਕੱਢਿਆ। ਫਿਰ ਉਹ ਵੀ ਲਾਕ ਖੋਲ੍ਹ ਕੇ ਬਾਹਰ ਨਿਕਲੇ।¿;
ਸਾਬਕਾ ਫੌਜੀ ਨੇ ਕਿਹਾ ਕਿ ਜਦੋਂ ਕੋਈ ਸਿੱਧੂ ਮੂਸੇਵਾਲਾ ਦੇ ਬਰਾਬਰ ਸੀਟ ’ਤੇ ਅੱਗੇ ਬੈਠਾ, ਤਾਂ ਉਸ ਦੇ ਪੈਰ ਵਿਚ ਗੋਲੀ ਕਿਵੇਂ ਲੱਗੀ? ਇਹ ਸਮਝ ਤੋਂ ਪਰੇ ਹੈ। ਮੂਸੇਵਾਲਾ ਨੂੰ ਪਿੰਡ ਦੇ ਲੋਕ ਪ੍ਰਾਈਵੇਟ ਗੱਡੀ ਵਿਚ ਹਸਪਤਾਲ ਲੈ ਕੇ ਗਏ ਪਰ ਉਸ ਦੇ ਦੋਸਤ ਨਹੀਂ ਗਏ। ਪੁਲਿਸ ਆਈ ਅਤੇ ਐਂਬੂਲੈਂਸ ਪਹੁੰਚੀ, ਫਿਰ ਉਹ ਹਸਪਤਾਲ ਗਏ। ਇਸ ਤੋਂ ਇਲਾਵਾ ਸਿੱਧੂ ਦਾ ਪਿੱਛੇ ਬੈਠਾ ਦੋਸਤ ਵਾਰਦਾਤ ਤੋਂ ਬਾਅਦ ਲਗਭਗ 5 ਮਿੰਟ ਤੱਕ ਕਿਸੇ ਨਾਲ ਫੋਨ ’ਤੇ ਗੱਲ ਕਰਦਾ ਰਿਹਾ। ਹਾਲਾਂਕਿ ਅੰਦਰ ਕੁੱਝ ਨਹੀਂ ਦਿਖ ਰਿਹਾ ਸੀ ਪਰ ਅਸੀਂ ਗੋਲ਼ੀ ਵਾਲੀ ਜਗ੍ਹਾ ਤੋਂ ਦੇਖਿਆ ਸੀ।

Share