ਸਿੱਧੂ ਮੂਸੇਵਾਲਾ ਕਤਲ ਕਾਂਡ: ਗਾਇਕ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ

51
Share

ਚੰਡੀਗੜ੍ਹ, 25 ਜੂਨ (ਪੰਜਾਬ ਮੇਲ) ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਏ.ਜੀ.ਟੀ.ਐੱਫ. ਦੇ ਚੀਫ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ।
ਪ੍ਰਮੋਦ ਬਾਨ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਨਕੀਰਤ ਔਲਖ ਦਾ ਨਾਂ ਉਨ੍ਹਾਂ ਦੀ ਤਫਤੀਸ਼ ’ਚ ਸਾਹਮਣੇ ਨਹੀਂ ਆਇਆ ਹੈ।
ਸੋਸ਼ਲ ਮੀਡੀਆ ’ਤੇ ਵੱਖ-ਵੱਖ ਗੈਂਗਸਟਰਾਂ ਦੇ ਸਮਰਥਕਾਂ ਵਲੋਂ ਪੋਸਟਾਂ ਪਾ ਕੇ ਮਨਕੀਰਤ ਔਲਖ ਨੂੰ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਦੱਸਿਆ ਗਿਆ ਸੀ। ਜਾਨ ਨੂੰ ਖ਼ਤਰਾ ਹੋਣ ਦੇ ਚੱਲਦਿਆਂ ਮਨਕੀਰਤ ਕੁਝ ਦਿਨ ਪਹਿਲਾਂ ਹੀ ਵਿਦੇਸ਼ ਚਲੇ ਗਏ ਸਨ।
ਦੱਸ ਦੇਈਏ ਕਿ ਆਪਣੇ ’ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਮਨਕੀਰਤ ਔਲਖ ਨੇ ਇੰਸਟਾਗ੍ਰਾਮ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਮੂਸੇਵਾਲਾ ਦੇ ਕਤਲ ਮਾਮਲੇ ’ਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।
ਇਹੀ ਨਹੀਂ, ਮਨਕੀਰਤ ਨੇ ਸਿੱਧੂ ਮੂਸੇਵਾਲਾ ਦੀ ਮਾਂ ਨਾਲ ਵੀ ਇਕ ਵੀਡੀਓ ਸਾਂਝੀ ਕੀਤੀ ਤੇ ਲਿਖਿਆ ਸੀ ਕਿ ਉਹ ਕਦੇ ਵੀ ਕਿਸੇ ਦਾ ਪੁੱਤ ਖੋਹਣ ਦੀ ਗੱਲ ਸੋਚ ਵੀ ਨਹੀਂ ਸਕਦੇ।

Share