ਸਿੱਧੂ ਮੂਸੇਵਾਲਾ ਕਤਲ ਕਾਂਡ: ਐੱਸ.ਆਈ.ਟੀ. ਵੱਲੋਂ ਜਾਧਵ ਤੇ ਮਹਾਕਾਲ ਦੀ ਕਤਲ ਕਾਂਡ ’ਚ ਸ਼ਮੂਲੀਅਤ ਤੋਂ ਇਨਕਾਰ

54
Share

ਚੰਡੀਗੜ੍ਹ/ਮਾਨਸਾ, 25 ਜੂਨ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਗੈਂਗਸਟਰ ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ ਉਰਫ ਮਹਾਕਾਲ ਦੀ ਇਸ ਕਤਲ ਕਾਂਡ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਦਰਅਸਲ ਸ਼ੁਰੂਆਤੀ ਜਾਂਚ ’ਚ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਕਤ ਦੋਵੇਂ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸਨ। ਪੁਲਿਸ ਨੇ ਜਾਧਵ ਨੂੰ ਮੂਸੇਵਾਲਾ ਕਤਲ ਕਾਂਡ ’ਚ ਸ਼ੱਕੀ ਸ਼ਾਰਪ ਸ਼ੂਟਰ ਵਜੋਂ ਵੀ ਨਾਮਜ਼ਦ ਕੀਤਾ ਸੀ। ਮਹਾਕਾਲ ਅਤੇ ਜਾਧਵ ਜੋ ਕਿ ਪੁਣੇ ਦੇ ਰਹਿਣ ਵਾਲੇ ਹਨ, ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਜੁੜੇ ਹੋਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਮਹਾਕਾਲ ਨੂੰ ਪੁਣੇ ਨੇੜਿਓਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਦੋਂਕਿ ਜਾਧਵ ਨੂੰ ਮਹਾਰਾਸ਼ਟਰ ਵਿਚ ਦਰਜ ਪੁਰਾਣੇ ਕੇਸਾਂ ਵਿਚ ਗੁਜਰਾਤ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਦੋਵਾਂ ਤੋਂ ਪੁੱਛਗਿੱਛ ਕਰਨ ਵਾਲੀ ਪੰਜਾਬ ਪੁਲਿਸ ਦੀ ਤਿੰਨ ਮੈਂਬਰੀ ਟੀਮ ਪੁਣੇ ਤੋਂ ਵਾਪਸ ਆ ਗਈ ਹੈ ਅਤੇ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਇੱਥੇ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਸੂਤਰਾਂ ਮੁਤਾਬਕ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਤਾਂ ਉਹ ਦੋਵੇਂ ਪੰਜਾਬ ਵਿਚ ਮੌਜੂਦ ਨਹੀਂ ਸਨ ਅਤੇ ਦੋਵਾਂ ਦੀ ਹੁਣ ਤੱਕ ਸਿੱਧੂ ਮੂਸੇਵਾਲਾ ਕਤਲ ’ਚ ਕੋਈ ਸਿੱਧੀ ਸ਼ਮੂਲੀਅਤ ਨਹੀਂ ਪਾਈ ਗਈ ਹੈ ਪਰ ਅਗਲੇਰੀ ਜਾਂਚ ਅਜੇ ਵੀ ਜਾਰੀ ਹੈ।

Share