ਸਿੱਧੂ ਦੀ ਕੈਪਟਨ ਨਾਲ ਮੁਲਾਕਾਤ

435
Share

• 50 ਮਿੰਟ ਚੱਲੀ ਮੀਟਿੰਗ • ਪ੍ਰਸ਼ਾਂਤ ਕਿਸ਼ੋਰ ਥੋੜਾ ਸਮਾਂ ਰਹੇ ਹਾਜ਼ਰ

ਚੰਡੀਗੜ੍ਹ, 18 ਮਾਰਚ (ਪੰਜਾਬ ਮੇਲ)- ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਵਲੋਂ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਸੂਤਰਾਂ ਅਨੁਸਾਰ ਸ਼ਾਮ ਦੀ ਚਾਹ ‘ਤੇ ਹੋਈ ਇਹ ਮੀਟਿੰਗ 50 ਕੁ ਮਿੰਟ ਦੀ ਸੀ , ਜਿਸ ਦੌਰਾਨ ਮੁੱਖ ਮੰਤਰੀ ਦੇ ਨਵੇਂ ਨਿਯੁਕਤ ਸਲਾਹਕਾਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਵੀ ਕੁਝ ਸਮੇਂ ਲਈ ਸ਼ਾਮਿਲ ਹੋਏ | ਪ੍ਰਸ਼ਾਂਤ ਕਿਸ਼ੋਰ ਵਲੋਂ ਸਿੱਧੂ ਦੀ ਕਾਂਗਰਸ ‘ਚ ਸ਼ਮੂਲੀਅਤ ਮੌਕੇ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ ਅਤੇ ਉਹ ਨਵਜੋਤ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ | ਕਾਂਗਰਸ ਹਾਈਕਮਾਂਡ ਵਲੋ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਜੋ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਬਹਾਲੀ ਤੇ ਉਨ੍ਹਾਂ ਨੂੰ ਪਾਰਟੀ ‘ਚ ਸਰਗਰਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ, ਅੱਜ ਦੀ ਮੀਟਿੰਗ ‘ਚ ਗ਼ੈਰਹਾਜ਼ਰ ਰਹੇ | ਜਾਣਕਾਰ ਸੂਤਰਾਂ ਅਨੁਸਾਰ ਰਾਵਤ ਆਉਂਦੇ 4-5 ਦਿਨਾਂ ਦੌਰਾਨ ਚੰਡੀਗੜ੍ਹ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਆ ਰਹੇ ਹਨ | ਇਸ ਮੀਟਿੰਗ ‘ਚ ਮੰਤਰੀ ਮੰਡਲ ਦੀ ਰੱਦੋ ਬਦਲ ਵਰਗੀ ਜਾਂ ਕੋਈ ਹੋਰ ਡੂੰਘੀ ਤੇ ਗੰਭੀਰ ਗੱਲ ਨਹੀਂ ਹੋਈ | ਸਿੱਧੂ ਇਸ ਮੀਟਿੰਗ ਤੋਂ ਬਾਅਦ ਇੱਥੋਂ ਪਟਿਆਲਾ ਚਲੇ ਗਏ |


Share