ਸਿੱਧੂ ਜੋੜੀ ਨੇ ਪਟਿਆਲਾ ਤੇ ਧੀ ਰਾਬੀਆ ਨੇ ਅੰਮਿ੍ਰਤਸਰ ਕੋਠੀ ’ਤੇ ਲਾਇਆ ਕਾਲਾ ਝੰਡਾ

128
Share

-ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨੀ ਮੋਰਚੇ ਦੇ ਹੱਕ ’ਚ ਲਾਇਆ ਝੰਡਾ
ਪਟਿਆਲਾ/ਅੰਮਿ੍ਰਤਸਰ, 25 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਅੰਮਿ੍ਰਤਸਰ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਸਥਿਤ ਆਪਣੀ ਨਿੱਜੀ ਰਿਹਾਇਸ਼ ਦੀ ਛੱਤ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨੀ ਮੋਰਚੇ ਦੇ ਹੱਕ ’ਚ ਕਾਲਾ ਝੰਡਾ ਲਗਾ ਦਿੱਤਾ ਹੈ। ਹਾਲਾਂਕਿ ਅੰਮਿ੍ਰਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੋਠੀ ’ਤੇ ਕਾਲਾ ਝੰਡਾ ਉਨ੍ਹਾਂ ਦੀ ਬੇਟੀ ਰਾਬੀਆ ਨੇ ਲਗਾਇਆ। ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਦੀ ਸਵੇਰ ਟਵੀਟ ’ਤੇ ਆਪਣੇ ਘਰ ’ਤੇ ਕਾਲਾ ਝੰਡਾ ਲਹਿਰਾਉਣ ਦੀ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕਿਸਾਨ ਉਡੀਕ ਰਿਹਾ ਹੈ ਕਿ ਕਦੋਂ ਪੰਜਾਬ ਆਪਣੀ ਖ਼ੁਦਮੁਖਤਿਆਰੀ ਦੀ ਰਾਹ ’ਤੇ ਚੱਲੇਗਾ। ਸਿੱਧੂ ਨੇ ਕਿਹਾ ਕਿ ਕਰੀਬ ਪੱਚੀ ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਹੈ। ਆਮਦਨ ਅਤੇ ਉਪਜ ਦੋਵੇਂ ਘੱਟ ਰਹੇ ਹਨ, ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ, ਤਾਂ ਕਿਸਾਨ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ਤੇ ਪੰਜਾਬ ਵੀ ਪੱਛੜ ਕੇ ਰਹਿ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਅਤੇ ਜਦ ਤੱਕ ਸਿਸਟਮ ਬਦਲਿਆ ਨਹੀਂ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਘਰ ਦੀ ਛੱਤ ’ਤੇ ਇਕ ਕਾਲਾ ਝੰਡਾ ਲਹਿਰਾਉਂਦਾ ਰਹੇਗਾ। ਨਵਜੋਤ ਸਿੱਧੂ ਨੇ ਟਵੀਟ ਕਰ ਕੇ ਕਿਹਾ ਸੀ ਕਿ 25 ਮਈ ਨੂੰ ਸਵੇਰੇ 9:30 ਵਜੇ ਆਪਣੇ ਦੋਹਾਂ ਘਰਾਂ (ਅੰਮਿ੍ਰਤਸਰ ਤੇ ਪਟਿਆਲਾ) ’ਤੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਕਾਲਾ ਝੰਡਾ ਲਹਿਰਾਉਣਗੇ। ਨਵਜੋਤ ਸਿੱਧੂ ਨੇ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖਰੀਦ ਤੇ ਜਿਣਸਾਂ ’ਤੇ ਐੱਮ.ਐੱਸ.ਪੀ. ਯਕੀਨੀ ਬਣਾਉਣ ਲਈ ਕੋਈ ਬਦਲਵਾਂ ਹੱਲ ਨਹੀਂ ਕੱਢਿਆ ਜਾਂਦਾ, ਤਦ ਤੱਕ ਅਜਿਹਾ (ਹਰ ਛੱਤ ’ਤੇ ਕਾਲਾ ਝੰਡਾ) ਕੀਤਾ ਜਾਵੇ।

Share