ਸਿੱਖ ਸਦਭਾਵਨਾ ਦਲ ਵੱਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਬਾਰੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਵਿਰੋਧ

391
Share

-ਜਥੇਬੰਦੀ ਨੇ ਪਹਿਲੀ ਨੂੰ ਪੰਥਕ ਇਕੱਠ ਸੱਦਿਆ
ਅੰਮਿ੍ਰਤਸਰ, 24 ਜੁਲਾਈ (ਪੰਜਾਬ ਮੇਲ)- ਸਿੱਖ ਸਦਭਾਵਨਾ ਦਲ ਨੇ ਸਿੱਖ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਸਬੰਧੀ ਇਕ ਅਗਸਤ ਨੂੰ ਅੰਮਿ੍ਰਤਸਰ ਵਿੱਚ ਇਕ ਪੰਥਕ ਇਕੱਠ ਸੱਦਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸਿੱਖ ਵਿਰਾਸਤ ਦੀਆਂ ਇਤਿਹਾਸਕ ਇਮਾਰਤਾਂ ਦੀ ਦਿੱਖ ਵਿਗਾੜਨ ਅਤੇ ਢਾਹੁਣ ਵਾਲੀਆਂ ਧਿਰਾਂ ਦਾ ਬਾਈਕਾਟ ਕੀਤਾ ਜਾਵੇ। ਜਥੇਬੰਦੀ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਅੱਜ ਇਥੇ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਇਸ ਨੂੰ ਸਿੱਖੀ ’ਤੇ ਹਮਲਾ ਆਖਿਆ। ਇਸ ਦੌਰਾਨ ਉਨ੍ਹਾਂ ਸਮੁੱਚੇ ਪੰਥ ਨੂੰ ਇੱਕਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਕਿ ਸਿੱਖ ਪੰਥ ਦੀ ਰਾਏ ਮੁਤਾਬਿਕ ਅਗਲਾ ਪ੍ਰੋਗਰਾਮ ਉਲੀਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕੇਂਦਰ ਸਰਕਾਰ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਹਜ਼ਾਰ ਕਰੋੜ ਹਰਜ਼ਾਨੇ ਦਾ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੇ ਸਬੂਤ ਵਜੋਂ ਇਹ ਸਰਾਂ ਆਖਰੀ ਨਿਸ਼ਾਨੀ ਹੈ। ਜਦੋਂਕਿ 1984 ਫੌਜੀ ਹਮਲੇ ਦੇ ਬਾਕੀ ਸਬੂਤ ਖਤਮ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਨੇ ਵਰ੍ਹਿਆਂ ਮਗਰੋਂ ਇਹ ਰਕਮ 32 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਦੌਰਾਨ ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸ਼੍ਰੋਮਣੀ ਕਮੇਟੀ ਚੁੱਪ-ਚਪੀਤੇ ਕੇਂਦਰ ਨਾਲ ਸਮਝੌਤਾ ਕਰ ਚੁੱਕੀ ਹੈ, ਜਿਸ ਲਈ ਸਰਾਂ ਨੂੰ ਬਚਾਉਣ ਜ਼ਰੂਰੀ ਹੈ।
ਉਨ੍ਹਾਂ ਸਬੂਤ ਵਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਰ.ਟੀ.ਆਈ. ਰਾਹੀਂ ਲਈ ਜਾਣਕਾਰੀ ਦਾ ਦਸਤਾਵੇਜ਼ ਦਿਖਾਉਂਦਿਆਂ ਦਾਅਵਾ ਕੀਤਾ ਕਿ ਕਮੇਟੀ ਇਹ ਮੰਨ ਰਹੀ ਹੈ ਕਿ ਉਸ ਕੋਲ 1984 ਦੀ ਕੋਈ ਵੀਡੀਓਗ੍ਰਾਫੀ ਨਹੀਂ ਹੈ। ਇਸੇ ਤਹਿਤ ਉਨ੍ਹਾਂ ਸਿੱਖ ਸੰਗਤ ਨੂੰ 1984 ਨਾਲ ਸਬੰਧਤ ਵੀਡੀਓਜ਼ ਸਾਂਭਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਤਿਹਾਸਕ ਗੁਰਦੁਆਰੇ ਨਾਲ ਸਬੰਧਤ ਜਿਹੜੀ ਵੀ ਇਮਾਰਤ ਦੀ ਕਾਰ ਸੇਵਾ ਆਰੰਭ ਕਰਨੀ ਹੋਵੇ, ਤਾਂ ਪੁਰਾਤਨ ਚੀਜ਼ਾਂ ਸੰਭਾਲ ਬਾਰੇ ਦੇ ਮਾਹਿਰਾਂ ਦੀ ਸਲਾਹ ਲਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਨੇੜੇ ਮਿਲੀ ਪੁਰਾਤਨ ਇਮਾਰਤ ਦੀ ਸਾਂਭ ਸੰਭਾਲ ਬਾਰੇ ਵੀ ਸਿੱਖ ਸੰਸਥਾ ਵਲੋਂ ਸਿੱਖਾਂ ਨੂੰ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਪੁਰਾਤਤਵ ਵਿਭਾਗ ਵੱਲੋਂ ਹਾਲੇ ਤੱਕ ਕੋਈ ਜਾਂਚ ਟੀਮ ਵੀ ਨਹੀਂ ਬਣਾਈ ਗਈ।

Share