ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਦੀ ਯਾਤਰਾ ਲਈ ਪ੍ਰਵਾਨਗੀ ਦੇਣ ਦਾ ਫ਼ੈਸਲਾ

1181
Share

ਇਸਲਾਮਾਬਾਦ, 22 ਅਗਸਤ (ਪੰਜਾਬ ਮੇਲ)-ਪਾਕਿਸਤਾਨ ਨੇ ਕਰੋਨਾ ਦੀ ਚੌਥੀ ਲਹਿਰ ਦੇ ਖ਼ਤਰੇ ਦੇ  ਬਾਵਜੂਦ ਸਿੱਖ ਸ਼ਰਧਾਲੂਆਂ ਨੂੰ ਅਗਲੇ ਮਹੀਨੇ ਤੋਂ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ 22 ਸਤੰਬਰ ਨੂੰ ਬਰਸੀ ਹੈ, ਜਿਸ ਦੇ ਮੱਦੇਨਜ਼ਰ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨਸੀਓਸੀ) ਨੇ ਕਰਤਾਰਪੁਰ ਦਾ ਗੁਰਦੁਆਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐੱਨਸੀਓਸੀ ਦੀ ਮੀਟਿੰਗ ਵਿੱਚ ਸਿੱਖ ਸ਼ਰਧਾਲੂਆਂ ਨੂੰ ਸਖ਼ਤ ਕਰੋਨਾ ਨਿਯਮਾਂ ਤਹਿਤ ਅਗਲੇ ਮਹੀਨੇ ਤੋਂ ਕਰਤਾਰਪੁਰ ਦੀ ਯਾਤਰਾ ਲਈ ਪ੍ਰਵਾਨਗੀ ਦੇਣ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡੈਲਟਾ ਕਿਸਮ ਦਾ ਕਰੋਨਾ ਫੈਲਣ ਕਾਰਨ ਭਾਰਤ 22 ਮਈ ਤੋਂ 12 ਅਗਸਤ ਤੱਕ ‘ਸੀ’ ਸ਼੍ਰੇਣੀ ਵਿੱਚ ਰਿਹਾ ਸੀ ਅਤੇ ਸਿੱਖ ਸ਼ਰਧਾਲੂਆਂ ਸਣੇ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਮਨਜ਼ੂਰੀ ਦੀ ਲੋੜ ਸੀ। ਹਾਲਾਂਕਿ ਹੁਣ ਕਰੋਨਾ ਰੋਕੂ ਖ਼ੁਰਾਕ ਲੈ ਚੁੱਕੇ ਲੋਕਾਂ ਨੂੰ ਹੀ ਪਾਕਿਸਤਾਨ ’ਚ ਦਾਖ਼ਲ ਹੋਣ ਦੀ ਪ੍ਰਵਾਨਗੀ ਹੋਵੇਗੀ, ਸ਼ਰਤ ਹੈ ਕਿ ਉਨ੍ਹਾਂ ਕੋਲ ਆਰਟੀਪੀਸੀਆਰ ਟੈਸਟ ਦੀਆਂ ਤਾਜ਼ਾ ਰਿਪੋਰਟਾਂ ਹੋਣੀਆਂ ਲਾਜ਼ਮੀ ਹਨ। -ਪੀਟੀਆਈ


Share