ਸਿੱਖ ਬੁੱਧੀਜੀਵੀਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਿਆਸਤ ਤੋਂ ਮੁਕਤ ਕਰਨ ਦਾ ਸੱਦਾ

447
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਕਾਰ ਸਿੰਘ, ਨਿਧੜਕ ਸਿੰਘ ਬਰਾੜ, ਹਰਵਿਦਰ ਸਿੰਘ ਖਾਲਸਾ ਤੇ ਗੁਰਚਰਨ ਸਿੰਘ ਚੰਨੀ।
Share

-ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸੈਮੀਨਾਰ
ਜਲੰਧਰ, 18 ਨਵੰਬਰ (ਮੇਜਰ ਸਿੰਘ/ਪੰਜਾਬ ਮੇਲ)-ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮ ‘ਚ ਸਿੱਖ ਬੁੱਧੀਜੀਵੀਆਂ ਨੇ ਕਮੇਟੀ ਦੀ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਿਆਸਤ ਤੋਂ ਮੁਕਤ ਕਰਨ ਦੀ ਜ਼ਰੂਰਤ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਧਾਰਮਿਕ ਹਿਤਾਂ ਦੀ ਥਾਂ ਸਵਾਰਥੀ ਹਿਤ ਪ੍ਰਧਾਨ ਹੋ ਗਏ ਹਨ ਤੇ ਤਿਆਗ ਤੇ ਸੇਵਾ ਭਾਵਨਾ ਦੀ ਥਾਂ ਸਿੱਖ ਸੰਸਥਾਵਾਂ ਨੂੰ ਸਿਆਸੀ ਹਿਤਾਂ ਦੇ ਵਾਧੇ ਲਈ ਵਰਤਾਅ ਦਾ ਰੁਝਾਨ ਪ੍ਰਮੁੱਖਤਾ ਹਾਸਲ ਕਰ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਹੋ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਸਿਆਸਤ ਵਿਚ ਜੋ ਮਰਜ਼ੀ ਕਰਦੇ ਰਹੋ ਪਰ ਧਾਰਮਿਕ ਖੇਤਰ ਵਿਚ ਸਾਰੇ ਸਿੱਖਾਂ ਨੂੰ ਮੁੱਖ ਧਾਰਾ ‘ਚ ਸ਼ਾਮਿਲ ਕਰਨਾ ਜ਼ਰੂਰੀ ਹੈ। ਉਨ੍ਹਾਂ ਸੁਝਾਅ ਰੂਪੀ ਇਹ ਗੱਲ ਵੀ ਆਖੀ ਕਿ ਮੌਜੂਦਾ ਮੁਹਿੰਮ ਸਿਆਸੀ ਬਦਲਾਅ ਲਈ ਨਹੀਂ, ਸਗੋਂ ਪ੍ਰਬੰਧਕੀ ਸੁਧਾਰਾਂ ਲਈ ਹੋਣੀ ਚਾਹੀਦੀ ਹੈ। ਉੱਘੇ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਗੁਰਦੁਆਰਾ ਲਹਿਰ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਸੰਗਤ ਲਈ ਗੁਰੂ ਸਥਾਨ ਸਭ ਤੋਂ ਪਹਿਲੇ ਸਥਾਨ ਉੱਪਰ ਸੀ। ਮਹੰਤਾਂ ਨਾਲ ਸਿੱਖਾਂ ਦਾ ਝਗੜਾ ਇਸ ਗੱਲ ਤੋਂ ਹੋਇਆ ਸੀ ਕਿ ਉਹ ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦਾਂ ਸਮਝਣ ਲੱਗ ਪਏ ਸਨ। ਸਮਾਂ ਪੈਣ ਨਾਲ ਸਾਡੇ ਗੁਰਦੁਆਰਾ ਪ੍ਰਬੰਧ ਵਿਚ ਤਿਆਗ ਤੇ ਸੇਵਾ ਦੀ ਭਾਵਨਾ ਬੇਹੱਦ ਸੀਮਤ ਹੋ ਗਈ ਹੈ। ਉਨ੍ਹਾਂ ਕਈ ਉਦਾਹਰਨਾਂ ਦੇ ਕੇ ਦੱਸਿਆ ਕਿ ਜਦ ਵੱਡੇ ਬੰਦਿਆਂ ਨੇ ਸੇਵਾ ਲਈ ਆਪਣੇ ਅਹੁੱਦੇ ਤਿਆਗੇ ਪਰ ਅੱਜ ਸ਼੍ਰੋਮਣੀ ਕਮੇਟੀ ਅੰਦਰ ਅਫ਼ਸਰਸ਼ਾਹੀ ਰੁਝਾਨ ਭਾਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ‘ਚ ਆਗੂ ਧਾਰਮਿਕ ਤੇ ਸਿਆਸੀ ਸਰਗਰਮੀਆਂ ‘ਚ ਫ਼ਰਕ ਰੱਖ ਕੇ ਚੱਲਦੇ ਸਨ ਪਰ ਹੁਣ ਤਾਕਤ ਹਾਸਲ ਕਰਨ ਲਈ ਆਗੂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸ਼ੋਮਣੀ ਕਮੇਟੀ ਦੀਆਂ ਘਾਟਾਂ-ਕਮਜ਼ੋਰੀਆਂ ਨੂੰ ਜਾਂਚਣ ਤੇ ਅੱਗੇ ਦਾ ਪ੍ਰੋਗਰਾਮ ਤੈਅ ਕਰਨ ਲਈ ਕਮਿਸ਼ਨ ਸਥਾਪਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਰਹੇ ਡਾ. ਬਲਕਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਦੀ ਨੈਤਿਕਤਾ ਹੈ ਤੇ ਬਹੁਤੀਆਂ ਖਾਮੀਆਂ ਇਸੇ ਕਰਕੇ ਆਈਆਂ ਹਨ ਕਿ ਸਿਆਸਤ ਭਾਰੂ ਹੋਣ ਨਾਲ ਨੈਤਿਕਤਾ ਹੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰ ਆਗੂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਰਾਹੀਂ ਆਪਣੀ ਸਿਆਸਤ ਅੱਗੇ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ‘ਚ ਆਏ ਨਿਘਾਰ ਲਈ ਕਿਸੇ ਇਕ ਧੜੇ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਫਿਰ ਇਕ ਧੜੇ ਵਿਰੁੱਧ ਬੋਲਣ ਨਾਲ ਅਸਲਾ ਹੱਲ ਨਹੀਂ ਹੋਣਾ, ਸਗੋਂ ਪੰਥਕ ਏਕਤਾ ਦਾ ਪ੍ਰੋਗਰਾਮ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਖਲਾਅ ਬਣਿਆ ਹੋਇਆ ਹੈ ਤੇ ਇਸ ਖਲਾਅ ਨੂੰ ਭਰਨ ਲਈ ਢੀਂਡਸਾ ਵਲੋਂ ਆਰੰਭਿਆ ਯਤਨ ਬੜਾ ਸਾਰਥਕ ਹੈ। ਸਿੱਖ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਬਾਰੇ ਇਤਿਹਾਸਕ ਹਵਾਲੇ ਦੇ ਕੇ ਇਸ ਦੇ ਪ੍ਰਬੰਧ ‘ਚ ਵੱਡੇ ਸੁਧਾਰਾਂ ਦਾ ਸੱਦਾ ਦਿੱਤਾ। ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਅਖੀਰ ਵਿਚ ਆਏ ਪੰਥਕ ਹਮਾਇਤੀਆਂ ਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਅੰਦਰ ਜਮਹੂਰੀਅਤ ਤੇ ਧਰਮ ਦੇ ਕੁੰਡੇ ਲਈ ਯਤਨਸ਼ੀਲ ਰਹਿਣਗੇ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲਾ ਆਗੂ ਫਿਰ ਸਿਆਸੀ ਜਾਂ ਸੰਵਿਧਾਨਕ ਅਹੁਦੇ ਦਾ ਦਾਅਵੇਦਾਰ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਉਹ ਸੰਤ ਭਿੰਡਰਾਂਵਾਲੇ, ਸੰਤ ਲੌਂਗੋਵਾਲ, ਸਿੱਖ ਫੈੱਡਰੇਸ਼ਨ ਦੇ ਵੱਖ-ਵੱਖ ਗਰੁੱਪਾਂ ‘ਚ ਕੰਮ ਕਰਦੇ ਰਹੇ ਨਕਾਰੇ ਗਏ ਆਗੂਆਂ ਨਾਲ ਸੰਪਰਕ ਵਧ ਰਹੇ ਹਨ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਪਹਿਲਾਂ ਵੀ ਬਾਦਲ ਅਕਾਲੀ ਦਲ ਤੋਂ ਵੱਖ ਹੋ ਕੇ ਲੜਨ ਵਾਲੇ ਆਗੂ ਦੇ ਹਸ਼ਰ ਬਾਰੇ ਦਿੱਤੇ ਜਾ ਰਹੇ ਮੇਹਣਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗਾਇਬ ਹੋਣ ਵਰਗੀਆਂ ਗੱਲਾਂ ਨਹੀਂ ਸਨ ਹੋਈਆਂ। ਹੁਣ ਗੁਰੂ ਦੀ ਬੇਅਦਬੀ ਤੋਂ ਬਾਅਦ ਪਾਣੀ ਸਿਰਾਂ ਤੋਂ ਲੰਘ ਗਿਆ ਹੈ। ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਵਲੋਂ ਸੈਮੀਨਾਰ ਵਿਚ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿਚ ਆਪਾ ਧਾਪੀ ਦੇ ਮਾਹੌਲ ‘ਚ ਪੰਥ ਦਰਦੀ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਤੇ ਸੰਵਾਦ ਰਚਾਉਣ ਉੱਪਰ ਜ਼ੋਰ ਦਿੱਤਾ ਗਿਆ। ਮੰਚ ਦੀ ਕਾਰਵਾਈ ਗੁਰਚਰਨ ਸਿੰਘ ਚੰਨੀ ਨੇ ਨਿਭਾਈ। ਇਸ ਮੌਕੇ ਢੀਂਡਸਾ ਨੇ ਸਾਬਕਾ ਐੱਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਦੇਸ ਰਾਜ ਧੁੱਗਾ ਤੇ ਭਾਈ ਮੋਹਕਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸੈਮੀਨਾਰ ਵਿਚ ਤੇਜਿੰਦਰਪਾਲ ਸਿੰਘ ਸੰਧੂ, ਅਨੂਪਿੰਦਰ ਕੌਰ ਸੰਧੂ, ਬੀਬੀ ਹਰਜੀਤ ਕੌਰ ਤਲਵੰਡੀ, ਸਿਮਰਜੀਤ ਕੌਰ ਸਿੱਧੂ,ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।


Share