ਸਿੱਖ ਪੰਥ ਦੀ ਤਾਣੀ ਉਲਝੀ

715
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਸਿੱਖ ਪੰਥ ਨੂੰ ਇਸ ਵੇਲੇ ਜਿੰਨਾ ਸੰਕਟ ਅੰਦਰੂਨੀ ਤੌਰ ‘ਤੇ ਹੈ, ਸ਼ਾਇਦ ਓਨਾ ਬਾਹਰੋਂ ਨਹੀਂ। ਇਸ ਗੱਲ ਦਾ ਸਪੱਸ਼ਟ ਸੰਕੇਤ ਬੀਤੇ ਦਿਨੀਂ ਸਿੱਖ ਧਰਮ ਦੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਤੋਂ ਮਿਲਦਾ ਹੈ। ਇਸ ਮੀਟਿੰਗ ਵਿਚ ਸਿੱਖ ਪੰਥ ਦੇ ਅੰਦਰੂਨੀ ਮਸਲਿਆਂ ਬਾਰੇ ਬਹੁਤ ਸਾਰੇ ਕੇਸ ਵਿਚਾਰੇ ਗਏ ਅਤੇ ਉਨ੍ਹਾਂ ਬਾਰੇ ਫੈਸਲੇ ਵੀ ਸੁਣਾਏ ਗਏ ਹਨ। ਪਰ ਲੱਗਦਾ ਨਹੀਂ ਕਿ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲਿਆਂ, ਦਿੱਤੇ ਦਿਸ਼ਾ-ਨਿਰਦੇਸ਼ ਜਾਂ ਸੁਣਾਏ ਫੈਸਲਿਆਂ ਨਾਲ ਇਹ ਮਸਲੇ ਹੱਲ ਹੋ ਜਾਣਗੇ। ਸਗੋਂ ਲੱਗਦਾ ਹੈ ਕਿ ਕਈ ਮਸਲੇ ਤਾਂ ਅਜਿਹੇ ਹਨ, ਜਿਨ੍ਹਾਂ ਦੇ ਹੋਰ ਵਧੇਰੇ ਵਧਣ ਦੇ ਆਸਾਰ ਬਣ ਗਏ ਹਨ। ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਸਭ ਤੋਂ ਅਹਿਮ ਮੁੱਦਾ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਨਾ ਵਿਭਾਗ ਵਿਚੋਂ 267 ਬੀੜਾਂ ਘਟਣ ਦਾ ਸੀ, ਸ਼੍ਰੋਮਣੀ ਕਮੇਟੀ ਵਰਗੀ ਮਹੱਤਵਪੂਰਨ ਧਾਰਮਿਕ ਸੰਸਥਾ ਵੱਲੋਂ ਬੀੜਾਂ ਦੀ ਸੰਭਾਲ ਵੀ ਨਾ ਕਰ ਸਕਣ ਦਾ ਇਹ ਮੁੱਦਾ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਆਖਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਆਚੀਆਂ ਬੀੜਾਂ ਦੀ ਅਸਲ ਹਕੀਕਤ ਸਾਹਮਣੇ ਲਿਆਉਣ ਲਈ ਕੁੱਝ ਸਮਾਂ ਪਹਿਲਾਂ ਸਾਬਕਾ ਸਿੱਖ ਜੱਜ ਨੀਨਾ ਸਿੰਘ ਦੀ ਅਗਵਾਈ ਵਿਚ ਇਕ ਕਮੇਟੀ ਸਥਾਪਿਤ ਕੀਤੀ ਸੀ। ਪਰ ਇਹ ਸਾਬਕਾ ਸਿੱਖ ਜੱਜ ਕੁੱਝ ਦਿਨਾਂ ਬਾਅਦ ਹੀ ਇਹ ਜਾਂਚ ਕਰਨ ਤੋਂ ਅਸਮਰੱਥਾ ਜ਼ਾਹਿਰ ਕਰ ਗਏ। ਫਿਰ ਇਸ ਜਾਂਚ ਦਾ ਕੰਮ ਉਨ੍ਹਾਂ ਦੇ ਨਾਲ ਸਹਾਇਕ ਵਜੋਂ ਨਿਯੁਕਤ ਉੱਘੇ ਵਕੀਲ ਸ. ਈਸ਼ਰ ਸਿੰਘ ਨੂੰ ਸੌਂਪ ਦਿੱਤਾ ਗਿਆ। ਵਕੀਲ ਈਸ਼ਰ ਸਿੰਘ ਵੱਲੋਂ ਦਿੱਤੀ ਜਾਂਚ ਰਿਪੋਰਟ ‘ਚ ਸ਼੍ਰੋਮਣੀ ਕਮੇਟੀ ਵਿਚ ਚੱਲ ਰਹੇ ਦੁਰਪ੍ਰਬੰਧ ਦੀਆਂ ਅਨੇਕਾਂ ਪਰਤਾਂ ਖੁੱਲ੍ਹੀਆਂ ਹਨ।
ਵਰਣਨਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦਾ ਕੰਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੀ ਸੌਂਪਿਆ ਗਿਆ ਹੈ। ਪੂਰੀ ਦੁਨੀਆਂ ਵਿਚ ਗੁਰੂ ਗ੍ਰੰਥ ਸਾਹਿਬ ਛਾਪ ਕੇ ਸਿੱਖ ਸੰਸਥਾਵਾਂ ਨੂੰ ਵੰਡਣ ਦਾ ਕੰਮ ਸ਼੍ਰੋਮਣੀ ਕਮੇਟੀ ਦੇ ਜ਼ਿੰਮੇ ਹੈ। ਪਰ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਆਚੀਆਂ ਬੀੜਾਂ ਦੀ ਗਿਣਤੀ 267 ਨਹੀਂ, ਸਗੋਂ 328 ਸੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਟੋਰ ਲੈਜਰਾਂ ਨਾਲ ਵਾਰ-ਵਾਰ ਛੇੜਛਾੜ ਕੀਤੀ ਜਾਂਦੀ ਰਹੀ ਹੈ। ਇਸ ਸਾਰੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਵੀ ਪਾਈ ਗਈ ਹੈ। ਸ਼੍ਰੋਮਣੀ ਕਮੇਟੀ ਹੁਣ ਤੱਕ ਇਹੀ ਕਹਿੰਦੀ ਆ ਰਹੀ ਸੀ ਕਿ ਸਟਾਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਹੁਣ ਇਹ ਗੱਲ ਸਪੱਸ਼ਟ ਹੋਈ ਹੈ ਕਿ ਸਰੂਪ ਹੀ ਘੱਟ ਨਹੀਂ ਸਨ, ਸਗੋਂ ਬਿਲਾਂ ਵਿਚ ਵੀ ਬਹੁਤ ਅੰਤਰ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਅੰਦਰ ਪਾਵਨ ਸਰੂਪਾਂ ਦੀ ਨਾਜਾਇਜ਼ ਵਿਕਰੀ ਕਰਕੇ ਕਮਾਈ ਕੀਤੀ ਜਾਂਦੀ ਰਹੀ ਹੈ। ਸਿੰਘ ਸਾਹਿਬਾਨ ਨੇ ਇਸ ਕਾਰਵਾਈ ਨੂੰ ਵੱਡੀ ਬੇਇਮਾਨੀ ਅਤੇ ਅਣਗਹਿਲੀ ਦੱਸਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਵੀ ਦਿੱਤਾ ਹੈ ਕਿ ਇਕ ਹਫਤੇ ਦੇ ਅੰਦਰ ਅੰਤਰਿਗ ਕਮੇਟੀ ਦੀ ਮੀਟਿੰਗ ਸੱਦ ਕੇ ਦੋਸ਼ੀ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ ਸਥਿਤ ਪਬਲਿਕੇਸ਼ਨ ਵਿਭਾਗ ਵਿਚ ਪਾਵਨ ਸਰੂਪ ਅਗਨ ਭੇਂਟ ਹੋਣ ਲਈ ਸਮੁੱਚੀ ਅੰਤਰਿਗ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ 18 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਲਈ ਕਿਹਾ ਹੈ। ਪਾਵਨ ਸਰੂਪਾਂ ਦੇ ਘਟਣ ਅਤੇ ਫਿਰ ਇਨ੍ਹਾਂ ਦੀ ਨਿੱਜੀ ਹਿਤਾਂ ਲਈ ਵਿਕਰੀ ਸਾਡੇ ਧਾਰਮਿਕ ਪ੍ਰਬੰਧ ਉਪਰ ਵੱਡਾ ਸਵਾਲੀਆ ਚਿੰਨ੍ਹ ਖੜ੍ਹਾ ਕਰਨ ਵਾਲੀ ਹੈ।
ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਦੂਜਾ ਵੱਡਾ ਮਾਮਲਾ ਸਿੱਖ ਮਿਸ਼ਨਰੀਆਂ ਅਤੇ ਸਿੱਖ ਧਰਮ ਦੀ ਰਵਾਇਤੀ ਵਿਆਖਿਆ ਕਰਨ ਵਾਲੇ ਡੇਰਿਆਂ ਤੇ ਟਕਸਾਲ ਵਿਚਕਾਰ ਚੱਲ ਰਹੇ ਟਕਰਾਅ ਦਾ ਸੀ। ਭਾਵੇਂ ਇਸ ਮਸਲੇ ਉਪਰ ਸਮੁੱਚੇ ਰੂਪ ਵਿਚ ਤਾਂ ਨਹੀਂ ਵਿਚਾਰਿਆ ਗਿਆ। ਪਰ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸਿੱਖ ਧਰਮ, ਗ੍ਰੰਥਾਂ ਅਤੇ ਇਤਿਹਾਸਕ ਥਾਵਾਂ ਬਾਰੇ ਕੀਤੀ ਜਾ ਰਹੀ ਵਿਆਖਿਆ ਤੋਂ ਸਿੰਘ ਸਾਹਿਬ ਨੇ ਸਪੱਸ਼ਟ ਨਾਰਾਜ਼ਗੀ ਜ਼ਾਹਿਰ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਢੱਡਰੀਆਂਵਾਲਿਆਂ ਨਾਲ ਗੱਲਬਾਤ ਕਰਨ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਸੀ। ਢੱਡਰੀਆਂਵਾਲਿਆਂ ਨੇ ਇਸ ਕਮੇਟੀ ਨੂੰ ਮਿਲ ਕੇ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਹੁਣ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਹੈ ਕਿ ਜਦੋਂ ਤੱਕ ਉਹ ਆਪਣੇ ਕਥਾ ਅਤੇ ਵਿਆਖਿਆ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦੇ, ਸੰਗਤਾਂ ਉਨ੍ਹਾਂ ਦੇ ਸਮਾਗਮ ਨਾ ਕਰਾਉਣ। ਦੂਜੇ ਪਾਸੇ ਢੱਡਰੀਆਂਵਾਲੇ ਨੇ ਸਿੰਘ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਸਾਬਤ ਕਰ ਦਿੱਤਾ ਜਾਵੇ ਕਿ ਮੈਂ ਗਲਤ ਹਾਂ, ਤਾਂ ਮੈਂ ਲੰਮਾ ਪੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਨੂੰ ਤਿਆਰ ਹਾਂ। ਉਹ ਆਖਦੇ ਹਨ ਕਿ ਮੈਂ ਤਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਹਨ, ਉਹ ਸਾਡੇ ਧਾਰਮਿਕ ਗ੍ਰੰਥਾਂ ਵਿਚ ਪੜ੍ਹ ਕੇ ਹੀ ਸੁਣਾਈਆਂ ਹਨ।
ਪਿਛਲੇ ਦਿਨੀਂ ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਸਮਾਗਮ ਵਿਚ ਸ਼ਾਮਲ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਿੱਖਾਂ ਨੂੰ ਲਵ ਅਤੇ ਕੁਸ਼ ਦੇ ਵਾਰਸ ਦੱਸਿਆ ਸੀ ਅਤੇ ‘ਸਿੱਖ ਇਕ ਵੱਖਰੀ ਕੌਮ’ ਬਾਰੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਪਰ ਸਿੰਘ ਸਾਹਿਬਾਨ ਨੇ ਇਸ ਬਿਆਨ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਰਹੇਗੀ। ਇਸ ਲਈ ਕਿਸੇ ਕੋਲੋਂ ਵੱਖਰਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਸੇ ਤਰ੍ਹਾਂ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਗੁਰਦੁਆਰਾ ਸਾਹਿਬ ਦਾ ਨਾਂ ਬਾਬਾ ਸ਼ਮਸ਼ੇਰ ਸਿੰਘ ਵੱਲੋਂ ਆਰਤੀ ਸਾਹਿਬ ਰੱਖੇ ਜਾਣ ਉੱਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਅਤੇ ਬਾਬਾ ਸ਼ਮਸ਼ੇਰ ਸਿੰਘ ਨੂੰ ਨਾਂ ਤਬਦੀਲ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ।
ਇਕ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਬਾਰੇ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਸ ਨੂੰ ਕੋਈ ਮੁਆਫੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਕੈਨੇਡਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਵੀ ਸਿੰਘ ਸਾਹਿਬਾਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਸੂਬੇ ਵਿਚ ਸਤਿਨਾਮ ਰਿਲੀਜੀਅਸ ਸੁਸਾਇਟੀ ਵੱਲੋਂ ਆਪਣੇ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾ ਰਹੀ ਹੈ। ਅਜਿਹਾ ਕਰਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ। ਸਿੰਘ ਸਾਹਿਬਾਨ ਨੇ ਇਸ ਸੁਸਾਇਟੀ ਦੇ ਰਿਪੁਦਮਨ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਇਕ ਮਹੀਨੇ ਵਿਚ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ।
ਉਕਤ ਸਾਰੇ ਹੀ ਮਾਮਲੇ ਵੇਖ-ਵਿਚਾਰ ਕੇ ਲੱਗਦਾ ਹੈ ਕਿ ਸਿੱਖ ਪੰਥ ਇਸ ਵੇਲੇ ਬੜੇ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਹ ਮਸਲੇ ਦੱਸ ਰਹੇ ਹਨ ਕਿ ਪਿਛਲੇ ਸਾਲਾਂ ਦੌਰਾਨ ਸਿੱਖ ਪੰਥ ਦੀ ਧਾਰਮਿਕ ਲੀਡਰਸ਼ਿਪ ਇਨ੍ਹਾਂ ਮਸਲਿਆਂ ਉਪਰ ਕੋਈ ਇਕ ਨਿੱਤਰਵੀਂ ਪੁਜ਼ੀਸ਼ਨ ਲੈਣ ਜਾਂ ਇਕ ਸਰਬ ਸਾਂਝੀ ਸਮਝ ਬਣਾ ਕੇ ਫੈਸਲਾ ਲੈਣ ਵਿਚ ਕਾਮਯਾਬ ਨਹੀਂ ਹੋ ਸਕੀ। ਇਹੀ ਕਾਰਨ ਹੈ ਕਿ ਜਿੰਨੇ ਮੂੰਹ, ਓਨੀਆਂ ਗੱਲਾਂ ਹੋ ਰਹੀਆਂ ਹਨ। ਅਤੇ ਖਾਸਕਰ ਸਿੱਖਾਂ ਦੀ ਸਭ ਤੋਂ ਉੱਚਤਮ ਪ੍ਰਬੰਧਕੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀ ਹਾਲਤ ਇਸ ਦੇ ਨਿਘਾਰ ਦੀ ਮੂੰਹ ਬੋਲਦੀ ਤਸਵੀਰ ਹੈ। ਵੱਖ-ਵੱਖ ਫਰੰਟਾਂ ਉੱਤੇ ਸਿੱਖ ਪੰਥ ਨੂੰ ਬੜੀਆਂ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਪਰ ਜਦ ਇਸ ਦੇ ਹੱਲ ਲਈ ਹੋ ਰਹੇ ਯਤਨਾਂ ਵੱਲ ਝਾਤ ਮਾਰਦੇ ਹਾਂ, ਤਾਂ ਕਾਫੀ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ।
ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਧਾਰਮਿਕ ਖੇਤਰ ਵਿਚ ਸਿੱਖਾਂ ਨੂੰ ਇਕਜੁੱਟ ਕਰਨ ਅਤੇ ਸਿੱਖ ਧਰਮ ਦੀ ਸਰਬੱਤ ਦੇ ਭਲੇ ਅਤੇ ਸਰਵਵਿਆਪੀ ਫਲਸਫੇ ਦੀ ਸੋਚ ਨਾਲ ਜੋੜਨ ਲਈ ਦੁਨੀਆਂ ਭਰ ਵਿਚ ਕੋਈ ਮਜ਼ਬੂਤ ਸੰਗਠਨ ਅਤੇ ਸ਼ਖਸੀਅਤਾਂ ਦਿਖਾਈ ਨਹੀਂ ਦਿੰਦੀਆਂ। ਲੋੜ ਇਸ ਵੇਲੇ ਇਕ ਦੂਜੇ ਨੂੰ ਭੰਡਨ ਜਾਂ ਨਿੰਦਣ ਦੀ ਬਜਾਏ, ਆਪਸੀ ਮਿਲ-ਬੈਠ ਕੇ ਮਤਭੇਦਾਂ ਉਪਰ ਇਕ ਸਰਬ-ਸਾਂਝੀ ਰਾਏ ਬਣਾਉਣ ਦੀ ਹੈ। ਜੇਕਰ ਸਾਡੀ ਧਾਰਮਿਕ ਲੀਡਰਸ਼ਿਪ ਨੇ ਸਮੁੱਚੇ ਵਰਤਾਰਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਸਭਨਾਂ ਨੂੰ ਨਾਲ ਲੈ ਕੇ ਚੱਲਣ ਅਤੇ ਸਭਨਾਂ ਦੀ ਰਾਏ ਨਾਲ ਫੈਸਲੇ ਕਰਨ ਦੀ ਸੋਚ ਨੂੰ ਅੱਗੇ ਨਾ ਤੋਰਿਆ, ਤਾਂ ਆਉਣ ਵਾਲੇ ਸਮੇਂ ਵਿਚ ਸਿੱਖ ਧਾਰਮਿਕ ਰਵਾਇਤਾਂ ਅਤੇ ਅਕੀਦਿਆਂ ਬਾਰੇ ਉੱਭਰ ਰਹੇ ਆਪਸੀ ਮਤਭੇਦ ਸਾਡੇ ਸਮਾਜ ਅੰਦਰ ਨੁਕਸਾਨ ਦੀ ਹੱਦ ਤੱਕ ਵੱਧ ਸਕਦੇ ਹਨ ਅਤੇ ਸਾਡੇ ਸਮਾਜ ਦਾ ਵੱਡਾ ਨੁਕਸਾਨ ਕਰ ਸਕਦੇ ਹਨ। ਸੋ ਅੱਜ ਵੇਲਾ ਸਿੱਖ ਧਰਮ ਦੀਆਂ ਉੱਚ ਧਾਰਮਿਕ ਸ਼ਖਸੀਅਤਾਂ ਨੂੰ ਸਿਰ ਜੋੜ ਕੇ ਬੈਠਣ ਅਤੇ ਆਪਸੀ ਮਤਭੇਦਾਂ ਤੇ ਟਕਰਾਅ ਨੂੰ ਦੂਰ ਕਰਕੇ ਗੁਰੂਆਂ ਵੱਲੋਂ ਦਿੱਤੇ ਫਲਸਫੇ ਅਨੁਸਾਰੀ ਅੱਗੇ ਵਧਣ ਦਾ ਹੈ।


Share