ਸਿੱਖ ਧਰਮ ਰਜਿਸਟਰਡ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣਿਆ ਆਸਟਰੀਆ

491
Share

ਰੋਮ, 27 ਦਸੰਬਰ (ਪੰਜਾਬ ਮੇਲ)-ਯੂਰਪੀ ਦੇਸ਼ ਆਸਟਰੀਆ ਵਿਚ ਮਹਾਨ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸਾਂ ਦੇ ਸੱਦਕੇ ਰਜਿਸਟਰਡ ਹੋ ਗਿਆ ਹੈ। ਸਿੱਖ ਨੌਜਵਾਨ ਸਭਾ ਨੇ ਆਸਟਰੀਆ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸੁਰੂ ਕੀਤੀ ਸੀ। ਮਹਿਜ਼ 13 ਮਹੀਨਿਆਂ ਦੀ ਘਾਲਣਾ ਦੇ ਬਾਅਦ 17 ਦਸੰਬਰ, 2020 ਨੂੰ ਉਨ੍ਹਾਂ ਨੂੰ ਸਿੱਖ ਧਰਮ ਦੇ ਆਸਟਰੀਆ ਵਿਚ ਰਜਿਸਟਰਡ ਹੋਣ ਦਾ ਸਰਟੀਫਿਕੇਟ ਮਿਲ ਗਿਆ। 23 ਦਸੰਬਰ 2020 ਤੋਂ ਆਸਟਰੀਆ ਵਿਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ ਦੇ ਜਨਮ ਸਰਟੀਫਿਕੇਟ ਵਿਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਆਸਟਰੀਆ ਦੀਆਂ ਸਿੱਖ ਸੰਗਤਾਂ ਇਸ ਗੱਲ ਵੱਲ ਧਿਆਨ ਦੇਣ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਜਨਮ ਸਰਟੀਫਿਕੇਟ ਉੱਤੇ ਉਸ ਦਾ ਧਰਮ ਸਿੱਖ ਧਰਮ ਲਿਖਾਉਣਾ ਨਾ ਭੁੱਲਣ। ਇਸ ਇਤਿਹਾਸਕ ਕਾਰਵਾਈ ਨਾਲ ਆਸਟਰੀਆ ਯੂਰਪ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ, ਜਿੱਥੇ ਕਿ ਸਿੱਖ ਧਰਮ ਰਜਿਸਟਰਡ ਹੋਇਆ ਹੈ ਤੇ ਉਹ ਵੀ ਇੰਨੇ ਘੱਟ ਸਮੇਂ ਵਿਚ ਜਦੋਂ ਕਿ ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਪਿਛਲੇ ਦੋ-ਦੋ ਦਹਾਕਿਆਂ ਤੋਂ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਹਨ ਪਰ ਹਾਲੇ ਤੱਕ ਉਹ ਇਸ ਕਾਰਵਾਈ ਨੂੰ ਨੇਪਰੇ ਨਹੀਂ ਚਾੜ ਸਕੇ।
ਜ਼ਿਕਰਯੋਗ ਹੈ ਕਿ ਮਹਾਨ ਸਿੱਖ ਧਰਮ ਦਾ 15 ਸਦੀ ਵਿਚ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਆਗਾਜ਼ ਹੋਇਆ ਸੀ ਤੇ ਅੱਜ ਦੁਨੀਆਂ ਦੇ ਵੱਡੇ ਧਰਮਾਂ ਵਿਚ ਨਵਾਂ ਧਰਮ ਹੋਣਦੇ ਬਾਵਜੂਦ ਵੀ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੀਬ 28 ਮਿਲੀਅਨ ਹੈ।

Share