ਸਿੱਖ ਤੇ ਭਾਰਤੀ ਭਾਈਚਾਰੇ ਨੇ ਇਟਲੀ ‘ਚ ਹਸਪਤਾਲਾਂ ਨੂੰ ਦਿੱਤੀ ਮਾਲੀ ਮਦਦ

639
Share

ਮਿਲਾਨ, 18 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਝੰਬੇ ਇਟਲੀ ਦੀ ਆਰਥਿਕਤਾ ਨੂੰ ਕਾਫ਼ੀ ਧੱਕਾ ਲੱਗਾ ਹੈ। ਹਾਲਾਂਕਿ ਇਟਲੀ ਦੀ ਸਰਕਾਰ ਵਲੋਂ ਸੰਕਟ ਵਿਚੋਂ ਉੱਭਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਭਾਰਤੀ ਭਾਈਚਾਰਾ ਵੀ ਆਪਣਾ ਫ਼ਰਜ਼ ਅਦਾ ਕਰ ਰਿਹਾ ਹੈ। ਇਟਲੀ ਦੀ ਸਿੱਖ ਸੰਗਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸਥਾਨਕ ਜਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਤੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਲਮਬਰਾਦੀਆ ਸੂਬੇ ਵਿਚ ਸਥਿਤ ਪਾਪਾ ਜਵਾਨੀ 23 ਬੈਰਗਾਮੋ ਸ਼ਹਿਰ ਦੇ ਹਸਪਤਾਲ ਨੂੰ ਆਰਥਿਕ ਸਹਾਇਤਾ ਅਤੇ ਮੈਡੀਕਲ ਸਾਮਾਨ ਲਈ 40,000 ਯੂਰੋ ਮਾਲੀ ਸਹਾਇਤਾ ਵਜੋਂ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਹਸਪਤਾਲ ਇਟਲੀ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਵਿੱਚ ਸਥਿਤ ਹੈ। ਰਾਜਧਾਨੀ ਰੋਮ ਸਥਿਤ ਕੰਲੋਬੋਸ ਜਮੈਲੀ ਹਸਪਤਾਲ ਨੂੰ 15,000 ਯੂਰੋ ਦੀ ਆਰਥਿਕ ਅਤੇ ਮੈਡੀਕਲ ਸਾਮਾਨ ਖ਼ਰੀਦਣ ਲਈ ਸਹਾਇਤਾ ਦਿੱਤੀ ਗਈ ਹੈ। ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ ਅਤੇ ਜਰਨਲ ਸਕੱਤਰ ਸੁਰਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਰਾਸ਼ੀ ਇਨ੍ਹਾਂ ਦੋਵਾਂ ਹਸਪਤਾਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ।

Share