ਸਿੱਖ ਆਗੂ ਮੈਨੀ ਗਰੇਵਾਲ ਸਟੈਂਸਲਸ ਕਾਉਂਟੀ ਦੇ ਬਣੇ ਸੁਪਰਵਾਈਜਰ

474
Share

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਕੀਤੀ ਗਈ ਨਿਯੁਕਤੀ

ਮੈਡੇਸਟੋ, 25 ਨਵੰਬਰ (ਪੰਜਾਬ ਮੇਲ) – ਅਮਰੀਕਨ ਸਿੱਖ ਆਗੂ ਮੈਨੀ ਗਰੇਵਾਲ ਨੂੰ ਸਟੈਂਸਲਸ ਕਾਉਂਟੀ ਦੇ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਥੋਂ ਪਹਿਲੇ ਸੁਪਰਵਾਈਜ਼ਰ ਟੌਮ ਬੇਰੀਹਿਲ ਦੇ ਅਕਾਲ ਚਲਾਣਾ ਕਰਨ ‘ਤੇ ਇਹ ਸੀਟ ਖਾਲੀ ਹੋ ਗਈ ਸੀ। ਉਹ 29 ਅਗਸਤ 2020 ਨੂੰ ਇਸ ਦੁਨੀਆਂ ਤੋਂ ਵਿਦਾ ਹੋ ਗਏ ਸਨ।
41 ਸਾਲਾ ਡੈਮੋਕਰੇਟ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਮੈਨੀ ਗਰੇਵਾਲ ਨੂੰ ਡਿਸਟ੍ਰਿਕ-4 ਸਟੈਂਸਲਸ ਕਾਉਂਟੀ ਦੇ ਅਗਲੇ ਚਾਰ ਸਾਲ ਲਈ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਕੀਤੀ ਗਈ ਹੈ।
ਮੈਨੀ ਗਰੇਵਾਲ ਦਾ ਜਨਮ ਕੈਲੀਫੋਰਨੀਆ ਵਿਚ ਹੀ ਹੋਇਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ‘ਚ ਸਰਗਰਮ ਹੈ। ਸਾਲ 2015 ‘ਚ ਮੈਨੀ ਗਰੇਵਾਲ ਮੋਡੈਸਟੋ ਸਿਟੀ ਦੇ ਕੌਂਸਲ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੂੰ ਇਸ ਸਿਟੀ ਦਾ ਡਿਪਟੀ ਮੇਅਰ ਬਣਨ ਦਾ ਮੌਕਾ ਵੀ ਮਿਲਿਆ। ਪਿਛਲੀਆਂ ਚੋਣਾਂ ‘ਚ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਵੱਲੋਂ ਕੈਲੀਫੋਰਨੀਆ ਸਟੇਟ ਅਸੈਂਬਲੀ ਦੀਆਂ ਚੋਣਾਂ ਵੀ ਲੜੀਆਂ। ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਮੈਨੀ ਗਰੇਵਾਲ ਨੇ ਦੱਸਿਆ ਕਿ ਉਸਦਾ ਪਰਿਵਾਰ ਤਕਰੀਬਨ 50 ਸਾਲ ਪਹਿਲਾਂ ਉੱਜਵਲ ਭਵਿੱਖ ਲਈ ਪੰਜਾਬ ਤੋਂ ਅਮਰੀਕਾ ਆਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਇਹ ਮਾਣ ਵਾਲ ਗੱਲ ਹੈ ਕਿ ਸਿੱਖ ਸਰੂਪ ‘ਚ ਉਨ੍ਹਾਂ ਨੂੰ ਇਸ ਹਲਕੇ ਤੋਂ ਸੁਪਰਵਾਈਜ਼ਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।
ਮੈਨੀ ਗਰੇਵਾਲ ਨੇ ਕਿਹਾ ਕਿ ਉਹ ਸਟੈਂਸਲਸ ਕਾਉਂਟੀ ਦੀ ਬੇਹਤਰੀ ਲਈ ਪੂਰੀ ਲਗਨ ਨਾਲ ਆਪਣੀ ਸੇਵਾ ਨਿਭਾਉਣਗੇ। ਵੱਖ-ਵੱਖ ਅਮਰੀਕੀ ਆਗੂਆਂ ਨੇ ਵੀ ਮੈਨੀ ਗਰੇਵਾਲ ਦੀ ਇਸ ਨਿਯੁਕਤੀ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।


Share