ਸਿੱਖਿਆ ਹੀ ਇੱਕ ਅਜਿਹਾ ਮਾਧਿਆਮ ਹੈ ਜਿਹੜਾ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ:- ਸੰਤ ਸੀਚੇਵਾਲ

493
Share

ਕੰਢੀ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਨੇ 5 ਕੰਪਿਊਟਰ ਕੀਤੇ ਦਾਨ
ਹੁਣ ਤੱਕ ਪੰਜਾਬ ਵਿੱਚ “ਦ੍ਰਿਸ਼ਟੀ” 20 ਕੰਪਿਊਟਰ ਕਰ ਚੁੱਕੀ ਹੈ ਦਾਨ
ਸੁਲਤਾਨਪੁਰ ਲੋਧੀ, 18 ਜੂਨ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਨੇ ਪੰਜਾਬ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਕੰਪਿਊਟਰ ਦਾਨ ਕਰਨ ਦੀ ਚਲਾਈ ਮੁਹਿੰਮ ਅਧੀਨ ਪੰਜਵੇਂ ਪੜਾਅ ਵਿਚ ਕੰਢੀ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਪੰਜ ਕੰਪਿਊਟਰ ਦਾਨ ਕੀਤੇ ਹਨ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾ ਸਦਕਾ ਕੰਪਿਊਟਰ ਦਾਨ ਕਰਨ ਦੀ ਚੱਲ ਰਹੀ ਇਸ ਮੁਹਿੰਮ ਦੌਰਾਨ ਹੁਣ ਇਸ ਮੁਹਿੰਮ ਵਿਚ ਹਰਬਲ ਬੂਟੇ ਵੀ ਵੰਡੇ ਜਾ ਰਹੇ ਹਨ। ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦੇਣ ਲਈ ਪਹੁੰਚੇ ਸੰਤ ਸੀਚੇਵਾਲ ਜੀ ਦੇ ਸੇਵਾਦਾਰ ਤੇ ਫਾਊਂਡੇਸ਼ਨ ਦੇ ਪੰਜਾਬ ਇੰਚਾਰਜ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਪਾ੍ਰਇਮਰੀ ਸਕੂਲਾਂ ਵਿਚ ਲਗਾਏ ਜਾ ਰਹੇ ਕੰਪਿਊਟਰਾਂ ਦੀ ਮੁਹਿੰਮ ਤਹਿਤ ਕੰਢੀ ਇਲਾਕੇ ਦੇ 10 ਹੋਰ ਸਰਕਾਰੀ ਸਕੂਲਾਂ ਨੂੰ ਕੰਪਿਊਟਰ ਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਸਰਕਾਰੀ ਸਕੂਲਾਂ ਨੂੰ ਇਸ ਮੁਹਿੰਮ ਤਹਿਤ 20 ਕੰਪਿਊਟਰ ਦਾਨ ਕੀਤੇ ਜਾ ਚੁੱਕੇ ਹਨ ਤੇ ਇਹ ਮੁਹਿੰਮ ਦਾ ਪਹਿਲਾ ਪੜਾਅ 31 ਮਾਰਚ 2022 ਤੱਕ ਚੱਲੇਗਾ।
ਕੰਢੀ ਇਲਾਕੇ ਦੇ ਜਿਹੜੇ ਸਕੂਲਾਂ ਵਿੱਚ ਕੰਪਿਊਟਰ ਦਾਨ ਕੀਤੇ ਗਏ ਉਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ, ਸੈਣੀਮਾਜਰਾ, ਝਾਂਡੀਆਂ ਕਲਾਂ, ਸਰਥਲੀ ਅਤੇ ਆਜਮਪੁਰ ਦੇ ਸਕੂਲ ਸ਼ਾਮਿਲ ਹਨ। ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਅਤੇ ਪਿੰਡਾਂ ਦੀਆਂ ਮੋਹਤਬਾਰ ਸਖ਼ਸ਼ੀਅਤਾਂ ਨੇ ਜਿੱਥੇ ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਦਾ ਧੰਨਵਾਦ ਕੀਤਾ ਉਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਸੂਬੇ ਦੇ ਉਨ੍ਹਾਂ ਇਲਾਕਿਆਂ ਵਿੱਚ ਕੰਪਿਊਟਰ ਦਾਨ ਵੱਜੋਂ ਦਿੱਤੇ ਜਾ ਰਹੇ ਹਨ ਜਿਹੜੇ ਇਲਾਕੇ ਪੱਛੜੇ ਹੋਏ ਹਨ ਜਾਂ ਜਿਹਨਾਂ ਇਲਾਕਿਆਂ ਵਿਚ ਕਿਸੇ ਵੱਲੋਂ ਵੀ ਕੋਈ ਪਹੁੰਚ ਨਹੀ ਕੀਤੀ ਜਾਂਦੀ।
ਸਕੂਲਾਂ ਵਿੱਚ ਹੋਏ ਸੰਖੇਪ ਇੱਕਠਾਂ ਦੌਰਾਨ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਦੇ ਲੋਕ ਆਪਣੀ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਆਪਣੀ ਹਰ ਪੱਖੋ ਅਮੀਰ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਜੀ ਦਾ ਕਹਿਣਾ ਹੈ ਕਿ ਸਿੱਖਿਆ ਹੀ ਇੱਕ ਅਜਿਹਾ ਮਾਧਿਆਮ ਹੈ ਜਿਹੜਾ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਪੰਜਾਬ ਦੇ ਲੋੜਵੰਦ ਬੱਚਿਆ ਨੂੰ ਸਿੱਖਿਆ, ਖੇਡਾਂ ਤੇ ਰੋਜ਼ਗਾਰ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੰਤ ਸੀਚੇਵਾਲ ਜੀ 1999 ਤੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨਿਰੰਤਰ ਕਾਰਜ਼ ਕਰ ਰਹੇ ਹਨ। ਦ੍ਰਿਸ਼ਟੀ ਪੰਜਾਬ ਵੀ ਪਿਛਲੇ 8 ਸਾਲ ਤੋਂ ਪੰਜਾਬ ਦਾ ਭਵਿੱਖ ਤੇ ਸਰਮਾਇਆ ਇਸ ਧਰਤੀ ਦੇ ਬੱਚੇ ਤੇ ਨੌਜਵਾਨਾਂ ਨੂੰ ਸਾਰਥਿਕ ਦਿਸ਼ਾ ਦੇਣ ਲਈ ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਜੁਟੀ ਹੋਈ ਹੈ।
ਇਸ ਮੌਕੇ ਸਕੂਲਾਂ ਦੇ ਟੀਚਰਾਂ ਅਤੇ ਪ੍ਰਬੰਧਕਾਂ ਨੇ ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਕੀਤੇ ਗਏ ਇਸ ਉਦਮ ਦਾ ਧੰਨਵਾਦ ਕੀਤਾ। ਇਸ ਮੌਕੇ ਦ੍ਰਿਸ਼ਟੀ ਪੰਜਾਬ ਦੇ ਮੈਂਬਰ ਖੁਸ਼ਹਾਲ ਲਾਲੀ, ਪਾਲ ਸਿੰਘ ਨੌਲੀ, ਪ੍ਰਿੰਸੀਪਲ ਸੰਜੀਵ ਕੁਮਾਰ ਮੋਠਾਪੁਰ ਤੋਂ ਇਲਾਵਾ ਦਾਨ ਪ੍ਰਾਪਤ ਕਰਨ ਵਾਲੇ ਪਿੰਡਾਂ ਦੇ ਸੁਰਿੰਦਰ ਕੁਮਾਰ, ਪੂਜਾ ਚੱਢਾ, ਅਮਰਦੀਪ ਕੌਰ, ਭਵਨ ਸਿੰਘ, ਜੋਤੀ ਕੁਮਾਰੀ, ਦੇਸ ਰਾਜ, ਕਿਸਾਨ ਆਗੂ ਧਰਮਪਾਲ ਸਿੰਘ, ਅਵਨੀਤ ਚੱਢਾ, ਮੰਗਤ ਰਾਮ ਭੋਲੀ, ਰੁਪਿੰਦਰ ਕੌਰ, ਸੰਗੀਤਾ ਸ਼ਰਮਾ, ਸਰਪੰਚ ਸੁਨੀਤਾ ਦੇਵੀ, ਹੁਸਨ ਚੰਦ ਸੈਣੀ, ਸਰਪੰਚ ਸੁਰਿੰਦਰ ਕੌਰ, ਪੂਰਨ ਚੰਦ, ਨੀਰੂ ਬਾਲਾ ਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

Share