ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਦਰਜਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਸ ਨੇ ਧੂਹ-ਧੂਹ ਕੇ ਥਾਣੇ ‘ਚ ਡੱਕਿਆ

371
ਭਵਾਨੀਗੜ੍ਹ ਥਾਣੇ ਵਿੱਚ ਡੱਕੇ ਹੋਏ ਬੇਰੁਜ਼ਗਾਰ ਅਧਿਆਪਕ
Share

ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪਿੰਡ ਭੱਟੀਵਾਲ ਵਿਖੇ ਚਲਦੇ ਪ੍ਰੋਗਰਾਮ ‘ਚ ਕੀਤਾ ਜ਼ਬਰਦਸਤ ਵਿਰੋਧ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਹਰ ਥਾਂ ਤੇ ਘਿਰਾਓ ਅਤੇ ਵਿਰੋਧ ਜਾਰੀ ਰਹੇਗਾ: ਸੁਖਵਿੰਦਰ ਢਿੱਲਵਾਂ
ਭਵਾਨੀਗੜ੍ਹ, 31 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)-  ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ. ਐੱਡ ਟੈੱਟ ਪਾਸ ਅਧਿਆਪਕ ਲਗਾਤਾਰ ਸਿੱਖਿਆ ਮੰਤਰੀ ਦੇ ਪ੍ਰੋਗਰਾਮਾਂ ‘ਚ ਪਹੁੰਚ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖ਼ਿਲਾਫ਼ ਤਿੱਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਅੱਜ ਵੀ ਬੇਰੁਜ਼ਗਾਰ ਬੀ. ਐੱਡ ਟੈੱਟ ਪਾਸ ਅਧਿਆਪਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਸਿੱਖਿਆ ਮੰਤਰੀ ਦੇ ‘ਬੁਢਾਪਾ ਪੈਨਸ਼ਨ ਵੰਡ’ ਅਤੇ ‘ਇਨਾਮ ਵੰਡ ਸਮਾਰੋਹ’ ਪ੍ਰੋਗਰਾਮ ‘ਚ ਗੁਪਤ ਤਰੀਕੇ ਨਾਲ ਸ਼ਾਮਲ ਹੋਣ ‘ਚ ਸਫ਼ਲ ਰਹੇ ਤੇ ਉਨ੍ਹਾਂ ਸਿੱਖਿਆ ਮੰਤਰੀ ਦੇ ਸੰਬੋਧਨ ਦੌਰਾਨ ਮੰਤਰੀ ਸਾਹਮਣੇ ਹੀ ਪੰਜਾਬ ਸਰਕਾਰ ਅਤੇ ਵਿਜੈ ਇੰਦਰ ਸਿੰਗਲਾ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਸਕੂਲ ਤੇ ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕੀਤਾ ਹੋਇਆ ਸੀ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੇ ਪ੍ਰੋਗਰਾਮ ‘ਚ ਸ਼ਾਮਲ ਹੋ ਗਏ।
ਭਵਾਨੀਗੜ੍ਹ ਥਾਣੇ ਵਿੱਚ ਡੱਕੇ ਹੋਏ ਬੇਰੁਜ਼ਗਾਰ ਅਧਿਆਪਕ

ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਬੇਰੁਜ਼ਗਾਰ ਰਾਜਕਿਰਨ ਕੌਰ, ਨਰਪਿੰਦਰ ਕੌਰ, ਗੁਰਦੀਪ ਕੌਰ ਬਠਿੰਡਾ, ਗੁਰਪ੍ਰੀਤ ਮਲੇਰਕੋਟਲਾ, ਲਖਵੀਰ ਕੌਰ, ਹਰਦੀਪ ਮਲੇਰਕੋਟਲਾ, ਪਲਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਗੁਰਦੀਪ ਸਿੰਘ, ਗੁਰਮੇਲ ਬਰਗਾੜੀ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਕੇ ਭਵਾਨੀਗੜ੍ਹ ਥਾਣੇ ਚ ਡੱਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਕੈਬਨਿਟ ਮੰਤਰੀ ਸਿੰਗਲਾ ਪਿੰਡ ਦਾ ਨਿਰੀਖਣ ਕਰ ਰਹੇ ਸੀ ਤਾਂ ਬੇਰੁਜ਼ਗਾਰ ਅਧਿਆਪਕ ਸੁਖਜੀਤ ਸਿੰਘ ਅਤੇ ਜਸਵੰਤ ਫਾਜ਼ਿਲਕਾ ਨੇ ਘੇਰ ਕੇ ਨਾਅਰੇਬਾਜ਼ੀ ਕੀਤੀ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵੀ ਭਵਾਨੀਗੜ੍ਹ ਥਾਣੇ ਵਿੱਚ ਲਿਜਾ ਕੇ ਡੱਕ ਦਿੱਤਾ ਗਿਆ।

ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਜਦੋਂ ਤੋਂ ਕਾਂਗਰਸ ਸਰਕਾਰ ਪੰਜਾਬ ਚ ਸੱਤਾ ਚ ਆਈ ਹੈ ਤਦ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਮੁੱਖ ਗੇਟ ਤੇ 31 ਦਸੰਬਰ ਤੋਂ ਸਾਂਝਾ ਮੋਰਚਾ ਦਾ ਪੱਕਾ ਧਰਨਾ ਚੱਲ ਰਿਹਾ ਹੈ। ਸੈਂਕੜੇ ਮੀਟਿੰਗਾਂ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਹੋ ਚੁੱਕੀਆਂ ਹਨ, ਪਰ ਇਨ੍ਹਾਂ ਮੀਟਿੰਗ ‘ਚ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਬਲਕਿ ਬੇਰੁਜ਼ਗਾਰਾਂ ਨੂੰ ਡਰਾ-ਧਮਕਾ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਵੱਡੀ ਗਿਣਤੀ ਵਿੱਚ ਕੁੱਲ 15000 ਨਵੀਆਂ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁਨੀਸ਼ ਫਾਜ਼ਿਲਕਾ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉੱਤੇ ਡਟਿਆ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਵਿਸ਼ਿਆਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਨਹੀਂ ਆਉਂਦੀਆਂ ਤਦ ਤੱਕ ਮੈਂ ਟੈਂਕੀ ਤੇ ਹੀ ਰਹਾਂਗਾ।
ਸ੍ਰੀ ਢਿੱਲਵਾਂ ਨੇ ਕਿਹਾ ਜਦੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਤਦ ਤੱਕ ਸੰਘਰਸ਼ ਜਾਰੀ ਰਹੇਗਾ ਤੇ ਜਿੱਥੇ ਕਿਤੇ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਆਉਣਗੇ ਤਾਂ ਉਨ੍ਹਾਂ ਦਾ ਘਿਰਾਓ ਕਰਕੇ ਤਿੱਖਾ ਵਿਰੋਧ ਕੀਤਾ ਜਾਵੇਗਾ।

Share